ਜਵਾਈ ਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰਕੇ ਇਕ ਦੇ ਮੌਤ ਦੇ ਘਾਟ ਉਤਰਨ ਤੇ 24 ਵਿਅਕਤੀਆਂ ਵਿਰੁੱਧ ਕਤਲ, ਕਤਲ ਦੀ ਕੋਸਿ਼ਸ਼ ਅਤੇ ਬੰਧਕ ਬਣਾਉਣ ਦਾ ਕੇਸ ਹੋਇਆ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 04 September, 2024, 07:47 PM

ਜਵਾਈ ਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰਕੇ ਇਕ ਦੇ ਮੌਤ ਦੇ ਘਾਟ ਉਤਰਨ ਤੇ 24 ਵਿਅਕਤੀਆਂ ਵਿਰੁੱਧ ਕਤਲ, ਕਤਲ ਦੀ ਕੋਸਿ਼ਸ਼ ਅਤੇ ਬੰਧਕ ਬਣਾਉਣ ਦਾ ਕੇਸ ਹੋਇਆ ਦਰਜ
ਅੰਮ੍ਰਿਤਸਰ : ਧੀ ਦੇ ਪ੍ਰੇਮ ਵਿਆਹ ਤੋਂ ਦੁਖੀ ਹੋ ਕੇ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਜਵਾਈ ਦੇ ਪਰਿਵਾਰ ਦੇ 7 ਮੈਂਬਰਾਂ `ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਕਿਰਚਾਂ ਤੇ ਦਾਤਰਾਂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋਏ ਪਿੰਡ ਛੰਨੋਗਾ ਵਾਸੀ ਰਾਜਬੀਰ ਸਿੰਘ ਉਰਫ਼ ਰਾਜੂ ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਨੇ 24 ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਭਿੰਡੀ ਸੈਦਾਂ ਦੇ ਪਿੰਡ ਅਵਾਣ ਵਸਾਊ ਵਾਸੀ ਸੁਖਦੇਵ ਸਿੰਘ (23) ਦੀ ਸ਼ਿਕਾਇਤ ’ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਵਜ਼ੀਰ ਸਿੰਘ (ਸਹੁਰਾ), ਸ਼ਿੰਦਾ ਸਿੰਘ, ਜੱਜ ਸਿੰਘ, ਮੋਤਾ ਸਿੰਘ, ਮਾਨੀ ਕਾਰ (ਸੱਸ), ਲੱਧਾ ਸਿੰਘ, ਪਿਆਰਾ ਸਿੰਘ, ਸੱਤਾ ਸਿੰਘ, ਬਲਵੰਤ ਸਿੰਘ, ਮੰਗਲਦੀਪ ਸਿੰਘ, ਟਹਿਲ ਸਿੰਘ ਸਮੇਤ 24 ਮੁਲਜ਼ਮਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਬੰਧਕ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਦਾ ਵਜ਼ੀਰ ਸਿੰਘ ਪੁੱਤਰੀ ਜਸ਼ਨਪ੍ਰੀਤ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਹਾਲਾਕਿ ਵਜ਼ੀਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਹੁਣ ਉਸ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਤੋਂ ਬਾਅਦ ਸਹੁਰੇ ਪਰਿਵਾਰ ਨੇ ਜਸ਼ਨਪ੍ਰੀਤ ਕੌਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦਿਨ ਪਹਿਲਾਂ ਜਸ਼ਨਪ੍ਰੀਤ ਕੌਰ ਨੂੰ ਉਸ ਦੇ ਪਿਤਾ ਵਜ਼ੀਰ ਸਿੰਘ ਨੇ ਘਰ ਬੁਲਾਇਆ ਸੀ। ਜਿਵੇਂ ਹੀ ਜਸ਼ਨਪ੍ਰੀਤ ਕੌਰ ਆਪਣੀ ਧੀ ਨੂੰ ਲੈ ਕੇ ਪਿਤਾ ਦੇ ਘਰ ਪਹੁੰਚੀ ਤਾਂ ਮੁਲਜ਼ਮਾਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਵਾਪਸ ਨਹੀਂ ਆਉਣ ਦਿੱਤਾ। ਉਸ ਨੂੰ ਆਪਣੀ ਪਤੀ ਨਾਲ ਗੱਲ ਵੀ ਨਹੀਂ ਕਰਨ ਦਿੱਤੀ। 25 ਅਗਸਤ ਨੂੰ ਪਤਨੀ ਨੇ ਕਿਸੇ ਤਰ੍ਹਾਂ ਫੋਨ `ਤੇ ਗੱਲ ਕੀਤੀ ਅਤੇ ਸਾਰੀ ਗੱਲ ਦੱਸੀ। ਇਹ ਸੁਣ ਕੇ ਉਹ ਪਰੇਸ਼ਾਨ ਹੋ ਗਿਆ ਅਤੇ ਉਸ ਦੀਆਂ ਤਿੰਨ ਭੈਣਾਂ ਰਾਜਵਿੰਦਰ ਕੌਰ, ਸੁਮਨਪ੍ਰੀਤ ਕੌਰ ਅਤੇ ਸ਼ਿੰਦਰ ਕੌਰ, ਦੋਸਤ ਰਾਜਬੀਰ ਸਿੰਘ ਉਰਫ਼ ਰਾਜੂ ਸਮੇਤ ਸੱਤ-ਅੱਠ ਵਿਅਕਤੀ ਜਸ਼ਨਪ੍ਰੀਤ ਕੌਰ ਨੂੰ ਲੈਣ ਉਸ ਦੇ ਘਰ ਚਲੇ ਗਏ। ਉਥੇ ਉਕਤ ਮੁਲਜ਼ਮਾਂ ਨੇ ਸਾਰਿਆਂ ਨੂੰ ਬੰਧਕ ਬਣਾ ਲਿਆ ਅਤੇ ਫਿਰ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਦੋਸ਼ ਹੈ ਕਿ ਵਜ਼ੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਬੀਰ ਸਿੰਘ `ਤੇ ਦਾਤਰਾਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਅਤੇ ਫਿਰ ਸਾਰੇ ਭੱਜ ਗਏ। ਇਸ ਸਬੰਧੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਾਰੇ ਸੱਤਾਂ ਲੋਕਾਂ ਨੂੰ ਕਿਸੇ ਤਰ੍ਹਾਂ ਸਵਾਰੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਰਾਜਬੀਰ ਸਿੰਘ ਦੀ ਮੌਤ ਹੋ ਗਈ।