ਪਤਨੀ ਨਾਲ ਝਗੜੇ ਦੇ ਚਲਦਿਆਂ ਜਵਾਈ ਨੇ ਸੁਹਰਾ ਕੁੱਟਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 04 September, 2024, 03:27 PM

ਪਤਨੀ ਨਾਲ ਝਗੜੇ ਦੇ ਚਲਦਿਆਂ ਜਵਾਈ ਨੇ ਸੁਹਰਾ ਕੁੱਟਿਆ
ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ਦੀ ਇੱਕ ਗਲੀ ਵਿੱਚ ਜਵਾਈ ਨੇ ਆਪਣੇ ਸਹੁਰੇ ਦੀ ਕੁੱਟਮਾਰ ਕੀਤੀ। ਦੱਸ ਦਈਏ ਕਿ ਪਹਿਲਾਂ ਬਜ਼ੁਰਗ ਵਿਅਕਤੀ ਦੀ ਐਕਟਿਵਾ ਨੂੰ ਬਾਈਕ ਸਵਾਰ 2 ਵਿਅਕਤੀਆਂ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਦੋਂ ਬਜ਼ੁਰਗ ਜ਼ਮੀਨ `ਤੇ ਡਿੱਗਿਆ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਹਮਲਾਵਰ ਬਜ਼ੁਰਗ ਦਾ ਜਵਾਈ ਅਤੇ ਉਸ ਦਾ ਦੋਸਤ ਦੱਸਿਆ ਜਾਂਦਾ ਹੈ। ਪੀੜਤ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਹ ਪਿਛਲੇ 2 ਦਿਨਾਂ ਤੋਂ ਥਾਣੇ ਦੇ ਗੇੜੇ ਮਾਰ ਰਿਹਾ ਹੈ।
ਜਾਣਕਾਰੀ ਦਿੰਦਿਆਂ ਪੀੜਤ ਰੋਡੀ ਮੱਲ ਨੇ ਦੱਸਿਆ ਕਿ ਹਮਲਾਵਰ ਉਸ ਦਾ ਜਵਾਈ ਸੀ, ਜਿਸ ਦਾ ਉਸ ਦੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਮਾਮਲਾ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ। ਉਸ ਦਾ ਜਵਾਈ ਹਮੇਸ਼ਾ ਉਸ ਦਾ ਪਿੱਛਾ ਕਰਦਾ ਹੈ। ਉਹ ਕਿਸੇ ਕੰਮ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦੇ ਜਵਾਈ ਅਤੇ ਦੋਸਤ ਨੇ ਉਸ ਦੀ ਐਕਟਿਵਾ ਨੂੰ ਆਪਣੀ ਬਾਈਕ ਨਾਲ ਟੱਕਰ ਮਾਰ ਦਿੱਤੀ। ਜਿਵੇਂ ਹੀ ਉਹ ਜ਼ਮੀਨ `ਤੇ ਡਿੱਗਿਆ, ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਰੌਡੀ ਮੱਲ ਦੇ ਅਨੁਸਾਰ, ਉਸਦਾ ਜਵਾਈ ਚਾਹੁੰਦਾ ਹੈ ਕਿ ਉਸਦੀ ਧੀ ਤਲਾਕ ਦੇ ਕਾਗਜ਼ਾਂ `ਤੇ ਦਸਤਖਤ ਕਰੇ।ਅਦਾਲਤ ਵਿੱਚ ਕੇਸ ਹੋਣ ਦੇ ਬਾਵਜੂਦ ਜਵਾਈ ਆਪਣੀ ਸਹੁਰੇ ਪਰਿਵਾਰ ਦੀ ਰੇਕੀ ਕਰਵਾ ਰਿਹਾ ਸੀ। ਪੀੜਤ ਨੇ ਦੱਸਿਆ ਕਿ ਉਸ ਨੂੰ ਅਤੇ ਲੜਕੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਹ ਪਿਛਲੇ 2 ਦਿਨਾਂ ਤੋਂ ਥਾਣਾ ਡਵੀਜ਼ਨ ਨੰਬਰ 7 ਦੇ ਚੱਕਰ ਕੱਟ ਰਿਹਾ ਹੈ, ਪਰ ਥਾਣੇ ਵਿੱਚ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬਜ਼ੁਰਗ ਰੌਡੀ ਮੱਲ ਨੇ ਦੱਸਿਆ ਕਿ ਉਸ ਨੇ ਖੁਦ ਇਲਾਕੇ ਵਿੱਚੋਂ ਸੀਸੀਟੀਵੀ ਕਢਵਾ ਕੇ ਪੁਲਿਸ ਨੂੰ ਦਿੱਤੇ ਹਨ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਵਾਈ ਅਤੇ ਉਸ ਦੇ ਦੋਸਤ ਨੇ ਇਲਾਕੇ ਵਿੱਚ ਗੁੰਡਾਗਰਦੀ ਕੀਤੀ ਹੈ। ਰੋਡੀ ਮੱਲ ਅਨੁਸਾਰ ਉਸ ਨੂੰ ਅਤੇ ਉਸ ਦੇ ਪਰਿਵਾਰ ਦੀ ਜਾਨ ਦਾ ਖਤਰਾ ਹੈ।ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ ਕਿ ਬਜ਼ੁਰਗ ਦੇ ਜਵਾਈ ਸੌਰਵ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਹੈ। ਵੀਡੀਓ ਦੇਖੀ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।