ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਕਈ ਬੈਠਕਾਂ ਦੀ ਬੇਸਬਰੀ ਨਾਲ ਉਡੀਕ ਹੈ : ਨਰੇਂਦਰ ਮੋਦੀ
ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਕਈ ਬੈਠਕਾਂ ਦੀ ਬੇਸਬਰੀ ਨਾਲ ਉਡੀਕ ਹੈ : ਨਰੇਂਦਰ ਮੋਦੀ
ਸਿੰਗਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਸਿੰਗਾਪੁਰ ਪਹੁੰਚ ਗਏ ਹਨ। ਇਸ ਫੇਰੀ ਦਾ ਮੁੱਖ ਮੰਤਵ ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣਾ, ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਤੇ ਦੱਖਣ-ਪੂਰਬੀ ਏਸ਼ਿਆਈ ਮੁਲਕ ’ਚੋਂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਆਪਣੇ ਹਮਰੁਤਬਾ ਲਾਰੈਂਸ ਵੌਂਗ ਦੇ ਸੱਦੇ ’ਤੇ ਸਿੰਗਾਪੁਰ ਪੁੱਜੇ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੀ ਲੀਡਰਸ਼ਿਪ ਦੀਆਂ ਤਿੰਨ ਪੀੜ੍ਹੀਆਂ ਨਾਲ ਰਾਬਤਾ ਕਰਨਗੇ। ਸ੍ਰੀ ਮੋਦੀ ਦਾ ਭਲਕੇ ਸਿੰਗਾਪੁਰ ਦੀ ਸੰਸਦ ਵਿਚ ਰਸਮੀ ਸਵਾਗਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੀਰਵਾਰ ਨੂੰ ਰਾਸ਼ਟਰਪਤੀ ਥਰਮਨ ਸ਼ਾਨਮੁਗਾਰਤਨਮ ਨੂੰ ਵੀ ਮਿਲਣਗੇ। ਸ੍ਰੀ ਮੋਦੀ ਨਾਲ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਹੋਰ ਸਰਕਾਰੀ ਅਧਿਕਾਰੀ ਵੀ ਪਹੁੰਚੇ ਹਨ। ਸਿੰਗਾਪੁਰ ਦੇ ਆਪਣੇ ਪੰਜਵੇਂ ਸਰਕਾਰੀ ਦੌਰੇ ’ਤੇ ਪੁੱਜਣ ਮਗਰੋਂ ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਸਿੰਗਾਪੁਰ ਪਹੁੰਚ ਗਿਆ ਹਾਂ। ਭਾਰਤ-ਸਿੰਗਾਪੁਰ ਦੋਸਤੀ ਨੂੰ ਹੁਲਾਰਾ ਦੇਣ ’ਤੇ ਕੇਂਦਰਤ ਕਈ ਬੈਠਕਾਂ ਦੀ ਬੇਸਬਰੀ ਨਾਲ ਉਡੀਕ ਹੈ। ਭਾਰਤ ਦੇ ਸੁਧਾਰ ਤੇ ਸਾਡੀ ਯੁਵਾ ਸ਼ਕਤੀ ਦਾ ਹੁਨਰ ਮਿਲ ਕੇ ਸਾਡੇ ਦੇਸ਼ ਨੂੰ ਆਦਰਸ਼ ਨਿਵੇਸ਼ ਦਾ ਟਿਕਾਣਾ ਬਣਾਉਂਦੇ ਹਨ। ਅਸੀਂ ਸਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਵੀ ਦੇਖ ਰਹੇ ਹਾਂ।’ ਸ੍ਰੀ ਮੋਦੀ ਬਰੂਨੇਈ ਦੀ ਆਪਣੀ ਫੇਰੀ, ਜੋ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਲੇਠੀ ਦੁਵੱਲੀ ਫੇਰੀ ਸੀ, ਮੁਕੰਮਲ ਕਰਨ ਮਗਰੋਂ ਸਿੰਗਾਪੁਰ ਪਹੁੰਚੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਿੰਗਾਪੁਰ ਪਹੁੰਚ ਗਏ ਹਨ। ਸਿੰਗਾਪੁਰ ਦੇ ਗ੍ਰਹਿ ਤੇ ਕਾਨੂੰਨ ਮੰਤਰੀ ਸ਼ਾਨਮੁਗਮ ਨੇੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।’ ਪ੍ਰਧਾਨ ਮੰਤਰੀ ਅਜਿਹੇ ਮੌਕੇ ਸਿੰਗਾਪੁਰ ਪਹੁੰਚੇ ਹਨ ਜਦੋਂ ਵੌਂਗ ਨੇ ਸਰਕਾਰ ਦੀ ਕਮਾਨ ਸੰਭਾਲੀ ਹੈ ਤੇ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਮੋਦੀ ਇਸ ਤੋਂ ਪਹਿਲਾਂ 2018 ਵਿਚ ਸਿੰਗਾਪੁਰ ਆਏ ਸਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੌਂਗ ਨੇ ਸ੍ਰੀ ਮੋਦੀ ਨੂੰ ਸ੍ਰੀ ਟੇਮਾਸੇਕ ਬੰਗਲੇ ਵਿਚ ਰਾਤ ਦੀ ਦਾਅਦਤ ਦਿੱਤੀ। ਸ੍ਰੀ ਮੋਦੀ ਭਲਕੇ ਸਿੰਗਾਪੁਰ ਦੇ ਕਾਰੋਬਾਰੀ ਆਗੂਆਂ ਤੇ ਸੈੈਮੀਕੰਡਕਟਰ ਈਕੋਸਿਸਟਮ ਨਾਲ ਜੁੜੇ ਕਾਰੋਬਾਰੀਆਂ ਦੇ ਰੂਬਰੂ ਹੋਣਗੇ। ਦੋਵੇਂ ਮੁਲਕ ਸੈਮੀਕੰਡਕਟਰ ਸੈਕਟਰ ’ਚ ਸਮਝੌਤਾ ਕਰਨਗੇ।