ਕਿਸਾਨੀ ਧਰਨੇ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਮੋਰਚੇ ਤੇ ਹਜ਼ਾਰਾਂ ਦੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਦਿਖਾਈ ਇਕਮੁੱਠਤਾ

ਕਿਸਾਨੀ ਧਰਨੇ ਨੂੰ 200 ਦਿਨ ਪੂਰੇ ਹੋਣ ਤੇ ਸ਼ੰਭੂ ਮੋਰਚੇ ਤੇ ਹਜ਼ਾਰਾਂ ਦੀ ਵੱਡੀ ਗਿਣਤੀ ‘ਚ ਕਿਸਾਨਾਂ ਨੇ ਦਿਖਾਈ ਇਕਮੁੱਠਤਾ
ਸ਼ੰਭੂ ਮੋਰਚੇ ਵਿਚ ਪਹੁੰਚ ਕੇ ਬੀਬੀਆਂ ਨੇ ਵੀ ਬਰਾਬਰ ਹਿੱਸਾ ਪਾਇਆ
ਘਨੌਰ, 31 ਅਗਸਤ (ਅਲੀ) ਅੱਜ ਸ਼ੰਭੂ ਮੋਰਚੇ ਵਿਚ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਪਹੁੰਚ ਕੇ ਕਿਸਾਨਾਂ ਦੀ ਮੋਹਰੀ ਜਥੇਬੰਦੀਆਂ ਨਾਲ ਇੱਕਮੁੱਠਤਾ ਦਿਖਾਈ।
ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ 2024 ਤੋਂ ਨਿਰੰਤਰ ਜਾਰੀ ਕਿਸਾਨ ਅੰਦੋਲਨ ਨੰਬਰ 2 ਨੂੰ ਚਲਦੇ ਹੋਇਆ ਅੱਜ 200 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ ਸੱਦੇ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਮਰਦਾਂ ਦੇ ਬਰਾਬਰ ਇੱਕਠ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦਿੱਲੀ ਅੰਦੋਲਨ ਨੰਬਰ 1 ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਅਸੀਸ਼ ਮਿਸ਼ਰਾ ਟੈਨੀ ਵੱਲੋਂ ਗੱਡੀ ਚਾੜ੍ਹ ਕੇ ਕਿਸਾਨ ਕਤਲ ਕੀਤੇ ਜਾਣ ਦੇ ਇਨਸਾਫ ਲਈ 3 ਅਕਤੂਬਰ ਨੂੰ ਭਾਰਤ ਪੱਧਰ ਤੇ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਦੋਵੇਂ ਮੋਰਚੇ ਸਾਂਝੀ ਕਨਵੈਨਸ਼ਨ ਕਰਕੇ ਇਨ੍ਹਾਂ ਚੋਣਾਂ ਦੌਰਾਨ ਮੋਰਚੇ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਕੇ ਅਗਲੇ ਐਲਾਨ ਕੀਤੇ ਜਾਣਗੇ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਦੋਲਨ ਵਿੱਚ ਮੁਢੱਲੀਆਂ ਸਹੂਲਤਾਂ ਜਿਵੇ ਸਿਹਤ ਸਹੂਲਤਾਂ, ਬਿਜਲੀ, ਪਾਣੀ, ਸਫ਼ਾਈ ਆਦਿ ਵੀ ਮੁਹਈਆਂ ਨਹੀਂ ਕਰਵਾ ਰਹੀ। ਜਿਸ ਕਾਰਨ ਅੰਦੋਲਨਕਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅਗਰ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ 14 ਸਤੰਬਰ ਨੂੰ ਰਾਜਪੁਰਾ ਦਾ ਗਗਨ ਚੌਕ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਰਕਾਰ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਕੰਮ ਨਾ ਹੋਣ ਕਾਰਨ ਅਸੀਂ ਮਜਬੂਰ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੰਗਾਂ ਨੂੰ ਹੱਲ ਕਰੇ।
ਇਸ ਸਤਨਾਮ ਸਿੰਘ ਪੰਨੂ, ਜਸਵਿੰਦਰ ਸਿੰਘ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਮਨਪ੍ਰੀਤ ਸਿੰਘ, ਜਲਾਰ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਬਚਿਤ੍ਰ ਸਿੰਘ ਕੋਟਲਾ, ਗੁਰਅਮਨੀਤ ਸਿੰਘ ਮਾਂਗਟ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬੇਹਰੂ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਜੀਰਾ, ਕੰਵਲਜੀਤ ਸਿੰਘ, ਅਮਰਜੀਤ ਸਿੰਘ ਮੋਹੜੀ, ਅਸ਼ੋਕ ਬੁਲਾਰਾ, ਉਮੈਦ ਸਰਪੰਚ, ਮਨਜੀਤ ਸਿੰਘ ਘੁਮਾਣਾ, ਮਲਕੀਤ ਸਿੰਘ ਗੁਲਾਮੀਵਾਲਾ, ਓਂਕਾਰ ਸਿੰਘ ਭੰਗਾਲਾ, ਜੰਗ ਸਿੰਘ ਭਤੇੜੀ ਤੋਂ ਇਲਾਵਾ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਤੇ ਬੀਬੀਆਂ ਹਾਜ਼ਿਰ ਸਨ।
