ਔਰਤਾਂ ਖਿ਼ਲਾਫ਼ ਜੁਰਮਾਂ ਦੇ ਮਾਮਲਿਆਂ ’ਚ ਛੇਤੀ ਨਿਆਂ ਹੋਵੇ: ਮੋਦੀ
ਔਰਤਾਂ ਖਿ਼ਲਾਫ਼ ਜੁਰਮਾਂ ਦੇ ਮਾਮਲਿਆਂ ’ਚ ਛੇਤੀ ਨਿਆਂ ਹੋਵੇ: ਮੋਦੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖ਼ਿਲਾਫ਼ ਜ਼ਿਆਦਤੀਆਂ ਦੇ ਮਾਮਲਿਆਂ ਵਿਚ ਛੇਤੀ ਤੇ ਤੇਜ਼ੀ ਨਾਲ ਨਿਆਂ ਦਿੱਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਦਾ ਵਧੇਰੇ ਭਰੋਸਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਔਰਤਾਂ ਉਤੇ ਜ਼ੁਲਮਾਂ ਦੇ ਕੇਸਾਂ ਵਿਚ ਜਿੰਨੀ ਛੇਤੀ ਨਿਆਂ ਮੁਹੱਈਆ ਕਰਵਾਇਆ ਜਾਵੇਗਾ, ਉਂਨਾ ਹੀ ਸਮਾਜ ਦੀ ਅੱਧੀ ਆਬਾਦੀ (ਔਰਤਾਂ) ਨੂੰ ਉਨ੍ਹਾਂ ਦੀ ਸੁਰੱਖਿਆ ਦਾ ਵਧੇਰੇ ਭਰੋਸਾ ਦਿੱਤਾ ਜਾ ਸਕੇਗਾ। ਪ੍ਰਧਾਨ ਮੰਤਰੀ ਮੋਦੀ ਸ਼ਨਿੱਚਰਵਾਰ ਨੂੰ ਇਥੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਮੌਜੂਦਗੀ ਦੌਰਾਨ ਜ਼ਿਲ੍ਹਾ ਅਦਾਲਤਾਂ ਦੀ ਕੌਮੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ । ਮੋਦੀ ਨੇ ਇਹ ਵੀ ਕਿਹਾ ਕਿ ਨਿਆਂ ਪਾਲਿਕਾ ਨੂੰ ਸੰਵਿਧਾਨ ਦੀ ਸਰਪ੍ਰਸਤ ਮੰਨਿਆ ਜਾਂਦਾ ਹੈ ਅਤੇ ਸੁਪਰੀਮ ਕੋਰਟ ਤੇ ਨਿਆਂ ਪਾਲਿਕਾ ਨੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਹੈ । ਐਮਰਜੈਂਸੀ ਦੇ ਦੌਰ ਨੂੰ ਭਾਰਤ ਦਾ ‘ਕਾਲਾ ਕਾਲ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂ ਪਾਲਿਕਾ ਨੇ ਦੇਸ਼ ਦੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਈ ਹੈ ।