ਸਿੱਖ ਜਥੇਬੰਦੀਆਂ ਨੇ ਕੀਤਾ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਵਿਰੋਧ

ਸਿੱਖ ਜਥੇਬੰਦੀਆਂ ਨੇ ਕੀਤਾ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਵਿਰੋਧ
ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ `ਚ ਘਿਰੀ ਕੰਗਨਾ ਰਣੌਤ ਦੀ ਫਿਲਮ `ਐਮਰਜੈਂਸੀ` ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਇਸ ਫਿਲਮ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਬਠਿੰਡਾ ਵਿੱਚ ਕੰਗਨਾ ਰਣੌਤ ਅਤੇ ਫਿਲਮ ਐਮਰਜੈਂਸੀ ਦੇ ਪੁਤਲੇ ਫੂਕੇ। ਇਸ ਤੋਂ ਪਹਿਲਾਂ ਲਗਾਤਾਰ ਵਿਵਾਦਾਂ ਵਿੱਚ ਘਿਰੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਸਿਨੇਮਾ ਮਾਲਕਾਂ ਨਾਲ ਮੀਟਿੰਗ ਕੀਤੀ ਸੀ। ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਜਿੱਥੇ ਲੋਕਾਂ ਨੇ ਕੰਗਨਾ ਰਣੌਤ ਦਾ ਵਿਰੋਧ ਕਰਦੇ ਹੋਏ ਫਿਲਮ ਐਮਰਜੈਂਸੀ ਦੇ ਪੋਸਟਰ ਸਾੜੇ, ਉਥੇ ਹੀ ਕੰਗਨਾ ਰਣੌਤ ਦਾ ਪੁਤਲਾ ਵੀ ਫੂਕਿਆ।ਹਾਲ ਹੀ `ਚ ਇਕ ਇੰਟਰਵਿਊ ਦੌਰਾਨ ਕੰਗਨਾ ਨੇ ਪੰਜਾਬ ਅਤੇ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਸੀ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੱਥੇਬੰਦੀਆ ਨੇ ਕਿਹਾ ਕਿ ਕੰਗਨਾ ਰਣੌਤ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ਐਮਰਜੈਂਸੀ ਦੀ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰਾ ਹੈ। ਉਸ ਨੇ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਇਸ ਫ਼ਿਲਮ ਦਾ ਸਖ਼ਤ ਵਿਰੋਧ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਸਿਨੇਮਾ ਮਾਲਕ ਇਸ ਫ਼ਿਲਮ ਨੂੰ ਪ੍ਰਦਰਸ਼ਿਤ ਕਰਦਾ ਹੈ ਤਾਂ ਇਸ ਦਾ ਵੀ ਸਖ਼ਤ ਵਿਰੋਧ ਕੀਤਾ ਜਾਵੇਗਾ . ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜਿਸ ਨਾਲ ਭਾਈਚਾਰੇ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ `ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਕੰਗਨਾ ਰਣੌਤ `ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
