ਗੁਰਤੇਜ ਢਿੱਲੋਂ ਨੇ ਰਜਿੰਦਰਾ ਝੀਲ ਤੇ ਕੀਤੇ ਖਰਚ ਦੀ ਵਿਜੀਲੈਂਸ ਜਾਂਚ ਦੀ ਕੀਤੀ ਮੰਗ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 August, 2024, 05:49 PM

ਗੁਰਤੇਜ ਢਿੱਲੋਂ ਨੇ ਰਜਿੰਦਰਾ ਝੀਲ ਤੇ ਕੀਤੇ ਖਰਚ ਦੀ ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਪਿਛਲੀਆਂ ਸਰਕਾਰਾਂ ਅਤੇ ਅਧਿਕਾਰੀਆਂ ਝੀਲ ਦੇ ਸੁੰਦਰੀਕਰਨ ਤੇ ਨਹੀਂ ਦਿੱਤਾ ਪੂਰਾ ਧਿਆਨ
ਨਾਭਾ 27 ਅਗਸਤ () : ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਨੇ ਪਿਛਲੀਆਂ ਸਰਕਾਰਾਂ ਅਤੇ ਅਫਸਰਾਂ ਵੱਲੋਂ ਰਜਿੰਦਰਾ ਝੀਲ ਤੇ ਖਰਚ ਕੀਤੇ ਕਰੋੜਾ ਦੀ ਜਾਚ ਲਈ ਡੀ.ਜੀ.ਪੀ ਵਿਜਿਲੈਂਸ ਨੂੰ ਪੱਤਰ ਲਿਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਢਿੱਲੋਂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦਾ ਦਿੱਲ ਕਹਿ ਜਾਣ ਵਾਲੀ ਰਜਿੰਦਰਾ ਝੀਲ ਅੱਜ ਆਪਣੇ ਹਾਲਾਤਾਂ ਦੀ ਕਹਾਣੀ ਖੁੱਦ ਬਿਆਨ ਕਰ ਰਹੀ ਹੈ। ਕਰੋੜਾ ਰੁਪਏ ਖਰਚ ਕਰਨ ਦੇ ਬਾਵਜੂਦ ਝੀਲ ਦੇ ਹਾਲਾਤਾਂ ਵਿੱਚ ਕੋਈ ਬਦਵਾਅ ਨਹੀਂ ਹੋਇਆ। ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਇਹ ਗੰਦਗੀ ਦਾ ਟੋਬਾ ਬਣ ਚੁੱਕੀ ਹੈ, ਫੁਹਾਰੇ ਅਤੇ ਲਾਈਟਾਂ ਬੰਦ ਪਇਆ ਹਨ, ਜਿਸ ਨਾਲ ਲੋਕਾਂ ਨੂੰ ਬੀਮਾਰੀ ਫੈਲਣ ਦਾ ਡਰ ਹੈ।
ਗੁਰਤੇਜ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੀ.ਜੀ.ਪੀ. ਵਿਜੀਲੈਂਸ ਨੂੰ ਪੱਤਰ ਲਿਖ ਕੇ ਉਪਰੋਕਤ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਝੀਲ ਦੇ ਸੁੰਦਰੀਕਰਨ ਤੇ ਕਰੋੜਾ ਰੁਪਏ ਖਰਚ ਕੀਤੇ ਗਏ ਸਨ, ਪਰ ਝੀਲ ਦੇ ਹਾਲਾਤ ਵੇਖ ਕੇ ਤਾਂ ਲਗਦਾ ਹੈ ਕਿ ਸਾਰਾ ਪੈਸਾ ਸਿਰਫ ਕਾਰਜਾਂ ਵਿੱਚ ਹੀ ਖਰਚ ਕੀਤਾ ਗਿਆ ਹੈ। ਅਸਲ ਸੱਚਾਈ ਤਾਂ ਕੋਸਾਂ ਦੂਰ ਹੈ। ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਵਿਜਿਲੈਂਸ ਨੂੰ ਲਿਖੇ ਪੱਤਰ ਵਿੱਚ ਉਸ ਸਮੇਂ ਦੇ ਅਫ਼ਸਰਾ ਵੱਲੋਂ ਕੀਤੇ ਕਾਰਜਾਂ ਦੀ ਪੜਤਾਲ ਕੀਤੀ ਜਾਵੇ ਅਤੇ ਬੈਂਕ ਖਾਤਿਆਂ ਦਾ ਵੇਰਵਾ ਵੀ ਵਿਸਤਾਰ ਨਾਲ ਚੈੱਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਸੱਤਾ ਵਿੱਚ ਆਏ ਅੱਜ 2 ਸਾਲ ਤੋਂ ਵੱਧ ਹੋ ਚੁੱਕੇ ਹਨ, ਪਰ ਇਸ ਸਰਕਾਰ ਵੱਲੋਂ ਵੀ ਝੀਲ ਦੀ ਕੋਈ ਸੁਧ ਨਹੀਂ ਲਈ ਗਈ ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਿਰ, ਜਿਲ੍ਹਾ ਡਿਸਟਿਕ ਕੋਰਟ ਅਤੇ ਮਾਲ ਨਾਲ ਹੋਣ ਕਰਕੇ ਇੱਥੇ ਲੱਖਾਂ ਲੋਕ ਆਉਂਦੇ ਹਨ ਪਰ ਝੀਲ ਦੇ ਹਾਲਾਤਾਂ ਨੂੰ ਦੇਖ ਕੇ ਮਨ ਦੁੱਖੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਭਲਾਈ ਲਈ ਹਮੇਸ਼ਾ ਤੋਂ ਹੀ ਕਾਰਜ ਕਰਦੀ ਆਈ ਹੈ, ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ਲਈ ਕਾਰਜ ਕਰਦੀ ਰਹੇਗੀ।