ਏ. ਐੱਸ. ਆਈ. ਦੇ ਪੁੱਤਰ ਵਲੋਂ 12ਵੀਂ `ਚ ਪੜ੍ਹਦੀ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਕਰ ਲਿਆ ਹੈ ਲੜਕੇ ਨੂੰ ਗ੍ਰਿਫ਼ਤਾਰ

ਏ. ਐੱਸ. ਆਈ. ਦੇ ਪੁੱਤਰ ਵਲੋਂ 12ਵੀਂ `ਚ ਪੜ੍ਹਦੀ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਕਰ ਲਿਆ ਹੈ ਲੜਕੇ ਨੂੰ ਗ੍ਰਿਫ਼ਤਾਰ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਕ ਹੈਰਾਨ ਕਰਨ ਵਾਲੀ ਤੇ ਸ਼ਰਮਨਾਕ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿੱਥੇ ਪੰਜਾਬ ਪੁਲਸ ਦੇ ਏ.ਐੱਸ.ਆਈ. ਦੇ ਬੇਟੇ ਤੇਜਿੰਦਰ ਸਿੰਘ ਨੇ 12ਵੀਂ `ਚ ਪੜ੍ਹਦੀ ਇਕ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਰਿਕਾਰਡ ਕਰ ਕੇ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੂੰ ਪੁਲਸ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਸ ਨੇ ਪੁਲਸ ਨੂੰ ਦੇਖ ਕੇ ਬਾਥਰੂਮ ਵਿਚ ਰੱਖੀ ਹਾਰਪਿਕ ਪੀ ਲਈ । ਇਹ ਘਟਨਾ ਕਰੀਬ ਦੋ ਦਿਨ ਪਹਿਲਾਂ ਉਸ ਸਮੇਂ ਵਾਪਰੀ ਜਦੋਂ ਮੁਲਜ਼ਮ ਨੂੰ ਫੜਨ ਲਈ ਚੰਡੀਗੜ੍ਹ ਪੁਲਸ ਦੀ ਟੀਮ ਜਲੰਧਰ ਦੇ ਫਿਲੌਰ ਸਥਿਤ ਪੁਲਸ ਲਾਈਨ ’ਚ ਮੁਲਜ਼ਮ ਦੇ ਘਰ ਪਹੁੰਚੀ ਸੀ। ਪੁਲਸ ਨੂੰ ਆਉਂਦਾ ਦੇਖ ਕੇ ਮੁਲਜ਼ਮ ਨੇ ਬਾਥਰੂਮ ਜਾਣ ਦੀ ਗੱਲ ਕਹੀ, ਪਰ ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਅਤੇ ਪੁਲਸ ਨੇ ਗੇਟ ਖੋਲ੍ਹ ਕੇ ਦੇਖਿਆ ਤਾਂ ਮੁਲਜ਼ਮ ਬੇਹੋਸ਼ ਪਿਆ ਸੀ ਅਤੇ ਹਾਰਪਿਕ ਫਰਸ਼ ਅਤੇ ਉਸ ਦੇ ਕੱਪੜਿਆਂ ’ਤੇ ਡਿੱਗਿਆ ਪਿਆ ਸੀ। ਇਹ ਦੇਖ ਕੇ ਪੁਲਸ ਟੀਮ ਨੇ ਸਬੰਧਿਤ ਥਾਣਾ ਪੁਲਸ ਨੂੰ ਸੂਚਨਾ ਦਿੰਦੇ ਹੋਏ ਮੁਲਜ਼ਮ ਨੂੰ ਫਿਲੌਰ ਦੇ ਹਸਪਤਾਲ ’ਚ ਦਾਖਲ ਕਰਵਾਇਆ, ਪਰ ਉਥੋਂ ਉਸ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ’ਚ ਲੈ ਜਾਇਆ ਗਿਆ ਤੇ ਉੱਥੋਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਪੀ.ਜੀ.ਆਈ. ’ਚ ਡਾਕਟਰਾਂ ਨੇ ਦੱਸਿਆ ਕਿ ਹਾਰਪਿਕ ਪੀਣ ਕਾਰਨ ਮੁਲਜ਼ਮ ਦੇ ਮੂੰਹ ਅਤੇ ਪੇਟ ਵਿਚ ਛਾਲੇ ਹੋ ਗਏ ਸਨ। ਦੋ ਦਿਨ ਹਸਪਤਾਲ ’ਚ ਦਾਖਲ ਰਹਿਣ ਤੋਂ ਬਾਅਦ ਸੋਮਵਾਰ ਨੂੰ ਮੁਲਜ਼ਮ ਨੂੰ ਪੀ.ਜੀ.ਆਈ. ਤੋਂ ਡਿਸਚਾਰਜ ਕੀਤਾ ਗਿਆ ਸੀ। ਇਸ ਦੀ ਸੂਚਨਾ ਮਿਲਦੇ ਹੀ ਸਾਈਬਰ ਥਾਣਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
