ਡੇਂਗੂ ਦੇ 3 ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜਿ਼ਲ੍ਹੇ ਵਿਚ ਡੇਂਗੂ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੋਈ 27

ਡੇਂਗੂ ਦੇ 3 ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜਿ਼ਲ੍ਹੇ ਵਿਚ ਡੇਂਗੂ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੋਈ 27
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਮੰਗਲਵਾਰ ਨੂੰ ਡੇਂਗੂ ਦੇ 3 ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 27 ’ਤੇ ਪਹੁੰਚ ਗਈ ਹੈ ਅਤੇ ਇਨ੍ਹਾਂ ਵਿਚੋਂ 17 ਮਰੀਜ਼ ਸ਼ਹਿਰੀ ਅਤੇ 7 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਜਿ਼ਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਡੇਂਗੂ ਪਾਜ਼ੇਟਿਵ ਆਉਣ ਵਾਲੀ 48 ਸਾਲਾ ਔਰਤ ਮੁਹੱਲਾ ਕਰਾਰ ਖਾਂ, 35 ਸਾਲਾ ਮਰਦ ਆਦਮਪੁਰ ਅਤੇ 18 ਸਾਲਾ ਨੌਜਵਾਨ ਜਲੰਧਰ ਹਾਈਟਸ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਡੇਂਗੂ ਦੇ 17 ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿਚੋਂ 6 ਦੀ ਰਿਪੋਰਟ ਪਾਜ਼ੇਟਿਵ ਅਤੇ ਇਨ੍ਹਾਂ ਵਿਚੋਂ 3 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਡਾ. ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਮੰਗਲਵਾਰ ਨੂੰ ਦਿਹਾਤੀ ਇਲਾਕਿਆਂ ਦੇ 1960 ਅਤੇ ਸ਼ਹਿਰੀ ਇਲਾਕਿਆਂ ਦੇ 888 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 17 ਥਾਵਾਂ ’ਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਇਨ੍ਹਾਂ ਵਿਚੋਂ 9 ਥਾਵਾਂ ਸ਼ਹਿਰੀ ਅਤੇ 8 ਦਿਹਾਤੀ ਇਲਾਕਿਆਂ ਦੀਆਂ ਹਨ।
