ਨਰਵਾਣਾ ਵਿਖੇ ਮਸ਼ਹੂਰ ਬਾਲੀਵੁੱਡ ਗਾਇਕ ਮੁਕੇਸ਼ ਦੀ ਯਾਦ ਵਿੱਚ ਆਯੋਜਿਤ ਮਿਊਜ਼ੀਕਲ ਨਾਈਟ ਵਿੱਚ ਸ਼ੁਭਾਂਗਨੀ ਸ਼ਰਮਾ ਨੇ ਜਿੱਤਿਆ ਪਹਿਲਾ ਸਥਾਨ

ਨਰਵਾਣਾ ਵਿਖੇ ਮਸ਼ਹੂਰ ਬਾਲੀਵੁੱਡ ਗਾਇਕ ਮੁਕੇਸ਼ ਦੀ ਯਾਦ ਵਿੱਚ ਆਯੋਜਿਤ ਮਿਊਜ਼ੀਕਲ ਨਾਈਟ ਵਿੱਚ ਸ਼ੁਭਾਂਗਨੀ ਸ਼ਰਮਾ ਨੇ ਜਿੱਤਿਆ ਪਹਿਲਾ ਸਥਾਨ
ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਬੀ.ਏ. ਫਾਈਨਲ ਦੀ ਵਿਦਿਆਰਥਣ ਅਤੇ ਐਨ.ਸੀ.ਸੀ. (ਏਅਰ ਵਿੰਗ) ਦੀ ਕੈਡਿਟ ਸ਼ੁਭਾਂਗਨੀ ਸ਼ਰਮਾ ਨੇ ਹਰਿਆਣਾ ਦੇ ਸ਼ਹਿਰ ਨਰਵਾਣਾ ਵਿਖੇ ‘ਮੁਕੇਸ਼ ਯਾਦਗਰੀ ਸਮਿਤੀ’ ਵੱਲੋਂ ਕਰਵਾਏ ਸੰਗੀਤਕ ਪ੍ਰੋਗਰਾਮ ‘ਮੁਕੇਸ਼ ਨਾਈਟ’ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਹ ਪ੍ਰੋਗਰਾਮ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੁਕੇਸ਼ ਦੀ ਨਿੱਘੀ ਯਾਦ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਸ਼ੁਭਾਂਗਨੀ ਸ਼ਰਮਾ ਨੇ ਫ਼ਿਲਮ ‘ਉਮਰਾਓ ਜਾਨ’ ਦਾ ਇੱਕ ਖ਼ੂਬਸੂਰਤ ਗੀਤ ‘ਦਿਲ ਚੀਜ਼ ਕਿਯਾ ਹੈ, ਆਪ ਮੇਰੀ ਜਾਨ ਲੀਜੀਏ’ ਪੇਸ਼ ਕਰਕੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਮੁਕਾਬਲੇ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਸ਼ੁਭਾਂਗਨੀ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕਲਾ, ਸੱਭਿਆਚਾਰ ਅਤੇ ਸਾਹਿਤ ਪੜ੍ਹਣ-ਲਿਖਣ ਦਾ ਅਨਿੱਖੜਵਾਂ ਅੰਗ ਹਨ ਅਤੇ ਜੀਵਨ ਨੂੰ ਹੋਰ ਦਿਲਚਸਪ ਅਤੇ ਸੁਜਹਤਾ ਭਰਪੂਰ ਬਣਾਉਂਦੇ ਹਨ।ਉਨ੍ਹਾਂ ਕਿਹਾ ਕਿ ਸਾਡਾ ਕਾਲਜ ਵਿਦਿਆਰਥੀਆਂ ਦੀ ਬਹੁ-ਪੱਖੀ ਸ਼ਖਸੀਅਤ ਨੂੰ ਨਿਖਾਰਣ ਤੇ ਤਰਾਸ਼ਣ ਲਈ ਲਗਾਤਾਰ ਯਤਨਸ਼ੀਲ ਹੈ। ਪ੍ਰੋ. ਨੀਨਾ ਸਰੀਨ, ਡੀਨ, ਸਹਿ–ਵਿਦਿਅਕ ਗਤੀਵਿਧੀਆਂ ਨੇ ਵੀ ਸ਼ੁਭਾਂਗਨੀ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡਾ ਕਾਲਜ ਉਸ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਸ਼੍ਰੀ ਮਹਾਵੀਰ ਕੌਸ਼ਿਕ, ਡਿਪਟੀ ਕਮਿਸ਼ਨਰ, ਭਿਵਾਨੀ ਅਤੇ ਜਗਦੀਸ਼ ਢਾਂਡਾ, ਸਕੱਤਰ, ਹਰਿਆਣਾ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਅਤੇ ਸ਼ੁਭਾਂਗਨੀ ਸ਼ਰਮਾ ਨੂੰ ‘ਸਰਵੋਤਮ ਮਹਿਲਾ ਗਾਇਕਾ’ ਦੇ ਖ਼ਿਤਾਬ ਨਾਲ ਨਵਾਜ਼ਿਆ । ਕਾਲਜ ਵਿੱਚ ਸ਼ੁਭਾਂਗਨੀ ਦੇ ਸੰਗੀਤਕ ਗੁਰੂ ਡਾ. ਹਰਮੋਹਨ ਸ਼ਰਮਾ ਅਤੇ ਡਾ. ਮੁਹੰਮਦ ਹਬੀਬ ਨੇ ਉਸਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਦੇ ਰਹਿਣ ਦੀ ਸਲਾਹ ਦਿੱਤੀ। ਕਾਲਜ ਦੇ ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ ਨੇ ਕਿਹਾ ਕਿ ਸ਼ੁਭਾਂਗਨੀ ਚੰਗੀ ਪ੍ਰਤਿਭਾਸ਼ਾਲੀ ਵਿਦਿਆਰਥਣ ਹੋਣ ਦੇ ਨਾਲ–ਨਾਲ ਏਅਰ ਵਿੰਗ (ਐਨ.ਸੀ.ਸੀ.) ਦੀ ਵੀ ਬਹੁਤ ਵਧੀਆ ਕੈਡਿਟ ਹੈ ।
