ਮਾਸੀ ਅਤੇ ਮਾਸੜ ਨੇ ਕੀਤਾ ਆਪਣੀ ਹੀ ਧੀਆਂ ਵਰਗੀ 6 ਸਾਲਾ ਬੱਚੀ ਨੂੰ ਅਗਵਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 31 August, 2024, 08:57 AM

ਮਾਸੀ ਅਤੇ ਮਾਸੜ ਨੇ ਕੀਤਾ ਆਪਣੀ ਹੀ ਧੀਆਂ ਵਰਗੀ 6 ਸਾਲਾ ਬੱਚੀ ਨੂੰ ਅਗਵਾ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 30 ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਮਾਸੀ ਅਤੇ ਮਾਸੜ ਨੇ 6 ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਸਾਜਿਸ਼ ਤਹਿਤ ਮਲੇਸ਼ੀਆ ਦੇ ਨੰਬਰ ਦੀ ਵਰਤੋਂ ਕਰ ਕੇ ਵਾਇਸ ਮੈਸੇਜ ਰਾਹੀਂ ਫਿਰੌਤੀ ਦੀ ਮੰਗ ਕੀਤੀ। ਇਸ ਤੋਂ ਬਾਅਦ ਹਰਕਤ ’ਚ ਆਈ ਕੇਂਦਰੀ ਜਿ਼ਲ੍ਹਾ ਪੁਲਸ ਨੇ ਸਿਰਫ 72 ਘੰਟਿਆਂ ’ਚ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਮਾਮਲੇ ’ਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਆਈ. ਪੀ. ਅਸਟੇਟ ਇਲਾਕੇ ਤੋਂ 27 ਅਗਸਤ ਦੀ ਰਾਤ ਨੂੰ 8.30 ਵਜੇ ਸਾਢੇ 6 ਸਾਲਾ ਬੱਚੀ ਉਸ ਸਮੇਂ ਲਾਪਤਾ ਹੋ ਗਈ ਸੀ, ਜਦੋਂ ਉਹ ਨੇੜੇ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਈ ਸੀ। ਸ਼ਾਮ ਨੂੰ ਜਦੋਂ 30 ਲੱਖ ਦੀ ਫਿਰੌਤੀ ਦਾ ਵਾਇਸ ਮੈਸੇਜ ਆਇਆ ਤਾਂ ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ 300 ਤੋਂ ਜ਼ਿਆਦਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਵਾਇਸ ਮੈਸੇਜ ਭੇਜਣ ਵਾਲੇ ਨੰਬਰ ਦੀ ਜਾਂਚ ਕੀਤੀ। ਇਸ ਮਾਮਲੇ ਦੇ ਤਾਰ ਬਿਹਾਰ ਦੇ ਸੀਤਾਮੜੀ ਨਾਲ ਜੁੜੇ ਮਿਲੇ। ਲੜਕੀ ਦੇ ਮਾਸੜ ਕ੍ਰਿਸ਼ਨ ਦੇ ਸੀਤਾਮੜੀ ਹੋਣ ਦਾ ਪਤਾ ਲੱਗਾ। ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਸ ਦੀ ਪਤਨੀ ਸ਼ਾਹਿਦਾ ਚਾਕਲੇਟ ਦਾ ਝਾਂਸਾ ਦੇ ਕੇ ਬੱਚੀ ਨੂੰ ਆਪਣੇ ਨਾਲ ਲੈ ਗਈ ਸੀ ਤੇ ਕਰਜ਼ਾ ਮੋੜਨ ਲਈ ਉਨ੍ਹਾਂ ਨੇ ਬੱਚੀ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ।