ਪੇਂਡੂ ਵਿਕਾਸ ਫੰਡਾਂ ਸਬੰਧੀ ਪੰਜਾਬ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ 2 ਸਤੰਬਰ ਨੂੰ

ਪੇਂਡੂ ਵਿਕਾਸ ਫੰਡਾਂ ਸਬੰਧੀ ਪੰਜਾਬ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ 2 ਸਤੰਬਰ ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ ਦੇ ਕਥਿਤ 1000 ਕਰੋੜ ਰੁਪਏ ਬਕਾਏ ਦੀ ਰਕਮ ਫ਼ੌਰੀ ਜਾਰੀ ਕਰਵਾਏ ਜਾਣ ਦੀ ਮੰਗ ਕਰਦੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦਾਇਰ ਅੰਤਰਿਮ ਪਟੀਸ਼ਨ ਉਤੇ ਸੁਣਵਾਈ 2 ਸਤੰਬਰ ਨੂੰ ਕੀਤੀ ਜਾਵੇਗੀ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਸ਼ਾਦਾਨ ਫ਼ਰਾਸਤ ਨੇ ਦੱਸਿਆ ਕਿ ਸਿਖਰਲੀ ਅਦਾਲਤ ਦੀ ਵੈੱਬਸਾਈਟ ਵਿਚ ਇਹ ਮਾਮਲਾ 2 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਹੋਇਆ ਦਿਖਾਈ ਨਹੀਂ ਦੇ ਰਿਹਾ।ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਨੇ ਭਰੋਸਾ ਦਿੱਤਾ ਕਿ ਮਾਮਲੇ ਉਤੇ ਉਸ ਦਿਨ ਸੁਣਵਾਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਕੇਂਦਰ ਸਰਕਾਰ ਉਤੇ ਸੂਬੇ ਦੇ ਪੇਂਡੂ ਵਿਕਾਸ ਫੰਡ ਦੇ ਬਣਦੇ ਬਕਾਏ ਕਥਿਤ ਤੌਰ ’ਤੇ ਜਾਰੀ ਨਾ ਕਰਨ ਤੇ ਨਾਲ ਹੀ ਮਾਰਕੀਟ ਫੀਸ ਦਾ ਇਕ ਹਿੱਸਾ ਰੋਕ ਲਏ ਜਾਣ ਦੇ ਦੋਸ਼ ਲਾਉਂਦਿਆਂ ਸਾਲ 2023 ਵਿਚ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ।
