30,000 ਰੁਪਏ ਦੇ ਯੋਗ ਮੁਆਵਜ਼ੇ ਅਤੇ ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦੀ ਸਮੇਂ ਸਿਰ ਗਿਰਦਾਵਰੀ ਦੀ ਰੱਖੀ ਮੰਗ

ਦੁਆਰਾ: News ਪ੍ਰਕਾਸ਼ਿਤ :Wednesday, 05 April, 2023, 05:37 PM

ਸਨੌਰ, ਸਮਾਣਾ ਅਤੇ ਪਟਿਆਲਾ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੇ ਲਿਆ ਭਾਗ

ਪਟਿਆਲਾ, 5 ਅਪ੍ਰੈਲ
ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜ ਸਮਾਗਮ ਦੇ ਬਾਹਰ ਕਿਸਾਨਾਂ ਦੇ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ।

ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਦੀ ਵੱਡੀ ਨੁਮਾਇੰਦਗੀ ਦੀ ਅਗਵਾਈ ਕਰਦਿਆਂ ਭਾਜਪਾ ਆਗੂ ਨੇ ਏਡੀਸੀ ਗੌਤਮ ਜੈਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, “ਇਸ ਸਮੇਂ ਮੁੱਖ ਮੰਤਰੀ ਦੀ ਮੁੱਖ ਤਰਜੀਹ ਸਾਡੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨੀ ਹੋਣਾ ਚਾਹੀਦਾ ਜੋ ਬੇਮੌਸਮੀ ਬਰਸਾਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਸਾਡੀਆਂ ਅੰਨਦਾਤੇ ਦੀਆਂ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਪਰ ਇਸ ਦੀ ਬਜਾਏ ਮੁੱਖਮੰਤਰੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ‘ਯੋਗਸ਼ਾਲਾ’ ਕਰਵਾਉਣ ‘ਚ ਰੁੱਝੇ ਹੋਏ ਹਨ।

ਭਾਜਪਾ ਆਗੂ ਨੇ ਅੱਗੇ ਕਿਹਾ, “ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਬਹੁਤ ਘੱਟ ਹੈ ਅਤੇ ਵਧਾਇਆ ਜਾਣਾ ਚਾਹੀਦਾ ਹੈ, ਨਾਲ ਹੀ ਕਿਸਾਨ ਖੇਤਾਂ ਵਿੱਚ ਕੀਤੀ ਜਾ ਰਹੀ ਗਲਤ ਗਿਰਦਾਵਰੀ ਦੀ ਸ਼ਿਕਾਇਤ ਕਰ ਰਹੇ ਹਨ।”

ਉਨ੍ਹਾਂ ਅੱਗੇ ਕਿਹਾ, “ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਸਰਕਾਰ ਨੂੰ ਜਗਾਉਣ ਲਈ ਸਾਨੂੰ ਪੰਜਾਬ ਸਰਕਾਰ ਵਿਰੁੱਧ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਕਿਸਾਨਾਂ ਨੂੰ 30,000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਐਲਾਨ ਕਰਨ ਅਤੇ ਉਹ ਇਹ ਵੀ ਯਕੀਨੀ ਬਣਾਉਣ ਕਿ ਫਸਲਾਂ ਦੇ ਨੁਕਸਾਨ ਦਾ ਸਮੇਂ ਸਿਰ ਮੁਲਾਂਕਣ ਜਲਦ ਤੋਂ ਜਲਦ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ।”

ਜੈ ਇੰਦਰ ਕੌਰ ਦੇ ਨਾਲ ਭਾਜਪਾ ਆਗੂ ਕੇ ਕੇ ਮਲਹੋਤਰਾ, ਹਰਮੇਸ਼ ਗੋਇਲ, ਸੁਰਿੰਦਰ ਕੇਹਰਕੀ, ਨਰਾਇਣ ਨਰਸੋਤ, ਕੇ ਕੇ ਸ਼ਰਮਾ, ਅਨਿਲ ਮੰਗਲਾ, ਸੰਜੀਵ ਸ਼ਰਮਾ ਬਿਟੂ, ਲਾਭ ਸਿੰਘ ਫਤੇੜੀ, ਬਗੀਚਾ ਸਿੰਘ, ਸੰਜੇ ਹੰਸ, ਗੋਪੀ ਰੰਗੇਲਾ, ਮਨੀਸ਼ਾ ਉੱਪਲ, ਲਾਲਜੀਤ ਤੇ ਹੋਰ ਹਾਜ਼ਰ ਸਨ। ਰਮੇਸ਼ ਲਾਂਬਾ, ਗਗਨ ਸ਼ੇਰਗਿੱਲ, ਜਿੰਮੀ ਡਕਾਲਾ, ਸਮੂਹ ਐਮ.ਸੀ., ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।



Scroll to Top