ਪਿੰਡ ਬਰਸਟ ਵਿਖੇ ਆਯੋਜਿਤ ਕ੍ਰਿਕੇਟ ਟੂਰਨਾਮੈਂਟ ਵਿੱਚ ਫੱਮਣਵਾਲਾ ਟੀਮ ਨੇ ਮਾਰੀ ਬਾਜੀ

ਪਿੰਡ ਬਰਸਟ ਵਿਖੇ ਆਯੋਜਿਤ ਕ੍ਰਿਕੇਟ ਟੂਰਨਾਮੈਂਟ ਵਿੱਚ ਫੱਮਣਵਾਲਾ ਟੀਮ ਨੇ ਮਾਰੀ ਬਾਜੀ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ, ਕਿਹਾ – ਆਫ਼ ਸੀਜ਼ਨ ਦੌਰਾਨ ਮੰਡੀਆਂ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਖੇਡਾਂ ਦੀ ਟ੍ਰੇਨਿੰਗ
ਪਟਿਆਲਾ, 14 ਅਗਸਤ : ਪਟਿਆਲਾ ਦੇ ਪਿੰਡ ਬਰਸਟ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਸੂਬਾ ਜਨਰਲ ਸਕੱਤਰ, ਆਮ ਆਦਮੀ ਪਾਰਟੀ, ਪੰਜਾਬ) ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਵੱਲੋਂ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਨ ਵਾਲੀ ਫੱਮਣਵਾਲਾ ਟੀਮ ਨੂੰ 71,000 ਰੁਪਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਰਸੂਲਪੁਰ ਟੀਮ ਨੂੰ 41,000 ਰੁਪਏ ਇਨਾਮੀ ਰਾਸ਼ੀ ਤੇ ਮੌਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਮੈਨ ਆਫ ਦਾ ਸੀਰੀਜ਼ ਰਹਿਣ ਵਾਲੇ ਰਾਜੂ ਫੱਮਣਵਾਲਾ ਨੂੰ ਐਲ. ਈ.ਡੀ, ਸਰਵੋਤਮ ਬੱਲੇਬਾਜ ਸੋਨੀ ਚੱਨਗਰਾ ਅਤੇ ਸਰਵੋਤਮ ਗੇਂਦਬਾਜ ਲਾਡੀ ਬਰਸਟ ਤੇ ਪ੍ਰੀਤ ਮਾਝੀ ਜੂਸਰ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਤੰਦਰੁਸਤ ਸ਼ਰੀਰ ਅਤੇ ਖੁਸ਼ਹਾਲ ਜ਼ਿੰਦਗੀ ਲਈ ਖੇਡਾਂ ਬਹੁਤ ਜਰੂਰੀ ਹਨ। ਹਰ ਮਨੁੱਖ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਫਿਟ ਰਹਿਣਾ ਚਾਹੀਦਾ ਹੈ, ਜਿਸਦੇ ਲਈ ਸਾਰਿਆਂ ਦਾ ਕਿਸੇ ਨਾ ਕਿਸੇ ਖੇਡ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਜਿਸਦੇ ਲਈ ਵੱਖ-ਵੱਖ ਥਾਵਾਂ ਤੇ ਖੇਡ ਨਰਸਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ ਸਮੂਹ ਮੰਡੀਆਂ ਵਿੱਚ ਆਫ ਸੀਜਨ ਦੌਰਾਨ ਖਾਲੀ ਪਏ ਕਵਰ ਸ਼ੈਡਾਂ ਨੂੰ ਸਪੋਰਟਸ ਦੀ ਟ੍ਰੇਨਿੰਗ ਦੇਣ ਲਈ ਇਨਡੋਰ ਸਟੇਡੀਅਮ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿੱਥੇ ਰਾਮਪੁਰਾ ਫੂਲ ਵਿਖੇ ਸਕੇਟਿੰਗ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉੱਥੇ ਹੀ ਮਲੋਟ ਵਿਖੇ ਬਾਸਕਿਟਬਾਲ ਗਰਾਊਂਡ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ। ਇੱਥੇ ਬੱਚਿਆਂ ਨੂੰ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਆਫ ਸੀਜਨ ਦੌਰਾਨ ਪੰਜਾਬ ਦੀਆਂ ਹੋਰ ਮੰਡੀਆਂ ਵਿੱਚ ਵੀ ਇਸੇ ਤਰ੍ਹਾਂ ਹੀ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਬੱਚਿਆਂ ਦਾ ਮਾਨਸਿਕ ਅਤੇ ਸ਼ਰੀਰਕ ਵਿਕਾਸ ਹੋ ਸਕੇ। ਉਨ੍ਹਾਂ ਨੇ ਟੂਰਨਾਮੈਂਟ ਆਯੋਜਨ ਕਰਨ ਵਾਲੇ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹਿ। ਇਸ ਮੌਕੇ ਸਮੂਹ ਪਿੰਡ ਨਿਵਾਸੀ ਮੋਜੂਦ ਰਹੇ ।
