ਮੁੱਖ ਮੰਤਰੀ ਵੱਲੋਂ ਹੁਸੈਨੀਵਾਲਾ ਸਮਾਰਕ ਦੇ ਮੁਕੰਮਲ ਕਾਇਆ-ਕਲਪ ਦਾ ਐਲਾਨ
ਮਹਾਨ ਸ਼ਹੀਦਾਂ ਦੇ ਸ਼ਾਨਾਮੱਤੇ ਵਿਰਸੇ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਦੁਹਰਾਈ
ਫ਼ਿਰੋਜ਼ਪੁਰ ਸ਼ਹਿਰ ਨੂੰ ਟੂਰਿਸਟ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ
ਬੀ.ਐਸ.ਐਫ. ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਫ਼ਿਰੋਜ਼ਪੁਰ, 23 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਹੁਸੈਨੀਵਾਲਾ ਯਾਦਗਾਰ ਦੇ ਮੁਕੰਮਲ ਕਾਇਆ-ਕਲਪ ਦਾ ਐਲਾਨ ਕੀਤਾ ਹੈ।
ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਦੇਸ਼ ਵਾਸੀ ਲਈ ਇਹ ਧਰਤੀ ਪਵਿੱਤਰ ਹੈ ਕਿਉਂਕਿ ਬਰਤਾਨਵੀ ਹਕੂਮਤ ਨੇ ਇਨ੍ਹਾਂ ਸੂਰਵੀਰ ਯੋਧਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਇੱਥੇ ਸਸਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਸਥਾਨ ਦੇ ਵਿਆਪਕ ਵਿਕਾਸ ਲਈ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸੁਤੰਤਰਤਾ ਸੰਗਰਾਮ ਵਿੱਚ ਮਾਤ ਭੂਮੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਸ ਪਵਿੱਤਰ ਧਰਤੀ ਉਤੇ ਆਏ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਆਪਣੇ ਇਸ ਸੱਚੇ ਸਪੂਤ ਦਾ ਹਮੇਸ਼ਾ ਕਰਜ਼ਦਾਰ ਰਹੇਗਾ, ਜਿਸ ਨੇ 23 ਸਾਲ ਦੀ ਛੋਟੀ ਉਮਰ ਵਿੱਚ ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਵਿੱਚੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਬਲੀਦਾਨ ਦਿੱਤਾ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਨ ਲਈ ਫ਼ਿਰੋਜ਼ਪੁਰ ਵਿੱਚ ਤਕਨੀਕੀ ਯੂਨੀਵਰਸਿਟੀ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਹੱਦੀ ਜ਼ਿਲ੍ਹੇ ਦੇ ਨੌਜਵਾਨ ਦੇਸ਼ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਹੁਨਰਮੰਦ ਸਿਖਲਾਈ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗੀ, ਜਿਸ ਨਾਲ ਸੂਬੇ ਤੋਂ ਹੁੰਦੇ ਪ੍ਰਤਿਭਾ ਪਲਾਇਨ ਵੀ ਰੋਕਿਆ ਜਾ ਸਕੇਗਾ।
ਇਹ ਪਵਿੱਤਰ ਧਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਜਲਦੀ ਹੁਸੈਨੀਵਾਲਾ ਵਿੱਚ ਟੈਂਟ ਸਿਟੀ ਦਾ ਨਿਰਮਾਣ ਕਰੇਗੀ ਤਾਂ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਠਹਿਰ ਆਰਾਮਦਾਇਕ ਰਹੇ। ਭਗਵੰਤ ਮਾਨ ਨੇ ਕਿਹਾ ਕਿ ਹੁਸੈਨੀਵਾਲਾ ਅਜਾਇਬ ਘਰ ਦੀ ਕਾਇਆ-ਕਲਪ ਦੀ ਯੋਜਨਾ ਵੀ ਵਿਚਾਰ ਅਧੀਨ ਹੈ ਅਤੇ ਸੂਬਾ ਸਰਕਾਰ ਜਲਦੀ ਇਸ ਨੂੰ ਅੰਤਮ ਰੂਪ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਕੌਮੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਆਜ਼ਾਦ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਬਿਨਾਂ ਸਵਾਰਥ ਸੇਵਾ ਕਰਨ ਲਈ ਸ਼ਹੀਦ-ਏ-ਆਜ਼ਮ ਹਮੇਸ਼ਾ ਨੌਜਵਾਨਾਂ ਵਾਸਤੇ ਪ੍ਰੇਰਨਾ ਦਾ ਸਰੋਤ ਰਹਿਣਗੇ। ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਮੁਲਕ ਨੂੰ ਪ੍ਰਗਤੀਸ਼ੀਲ ਤੇ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਲਈ ਸ਼ਹੀਦ ਭਗਤ ਸਿੰਘ ਦੇ ਨਕਸ਼ੇ-ਕਦਮ ਉਤੇ ਚੱਲਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਛੇਤੀ ਹੀ ਹਵਾਈ ਅੱਡੇ ਨੇੜੇ ਇਸ ਮਹਾਨ ਸ਼ਹੀਦ ਦਾ ਆਧੁਨਿਕ ਬੁੱਤ ਲਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਵੱਲੋਂ ਇਸ ਮਹਾਨ ਨਾਇਕ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਹੋਵੇਗੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾਈ ਵਿਧਾਨ ਸਭਾ ਨੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਰੱਖਣ ਲਈ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਨ੍ਹਾਂ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨਾਇਕਾਂ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰੀ ਰੱਖਿਆ ਪਰ ਸਾਡੀ ਸਰਕਾਰ ਇਨ੍ਹਾਂ ਸੂਰਬੀਰਾਂ ਦੀ ਵਿਰਾਸਤ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਹਰੇਕ ਯਤਨ ਕਰਨ ਵਾਸਤੇ ਵਚਨਬੱਧ ਹੈ।
ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਨੂੰ ਦੇਸ਼ ਭਰ ਵਿੱਚੋਂ ਵੱਡਾ ਟੂਰਿਸਟ ਹੱਬ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਸ਼ਹਿਰ ਵਿੱਚ ਸੈਰ-ਸਪਾਟੇ ਲਈ ਬੇਹੱਦ ਵੱਧ ਸੰਭਾਵਨਾਵਾਂ ਹਨ, ਜਿਹੜੀਆਂ ਹੁਣ ਤੱਕ ਤਲਾਸ਼ੀਆਂ ਨਹੀਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਸ ਸ਼ਹਿਰ ਨੂੰ ਵਿਕਸਤ ਕਰ ਕੇ ਸੈਰ-ਸਪਾਟੇ ਪੱਖੋਂ ਵਿਸ਼ਵ ਦੇ ਨਕਸ਼ੇ ਉਤੇ ਲਿਆਉਣ ਲਈ ਵਚਨਬੱਧ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਸਾਂਝੀ ਚੈੱਕ ਪੋਸਟ ਉਤੇ ਬੀ.ਐਸ.ਐਫ. ਵੱਲੋਂ ਬਣਾਏ ਜਾਣ ਵਾਲੀ ਜੰਗੀ ਯਾਦਗਾਰ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਉਮੀਦ ਜਤਾਈ ਕਿ 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਜੰਗੀ ਯਾਦਗਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੀ.ਐਸ.ਐਫ. ਵੱਲੋਂ ਪਾਏ ਸ਼ਾਨਾਮੱਤੇ ਯੋਗਦਾਨ ਨੂੰ ਢੁਕਵੇਂ ਤਰੀਕੇ ਨਾਲ ਦਰਸਾਏਗੀ। ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸੈਨੀਵਾਲਾ ਵਿੱਚ ਖੋਲ੍ਹੀ ਸੋਵੀਨਰ ਸ਼ਾਪ ਵੀ ਲੋਕਾਂ ਨੂੰ ਸਮਰਪਿਤ ਕੀਤੀ।