ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬੇ ਹਲਕੇ ਲਈ ਸਿਹਤ ਵਿਭਾਗ ਨੂੰ ਸਪੁਰਦ ਕੀਤੀਆਂ ਦੋ ਅਤਿ-ਆਧੁਨਿਕ ਐਂਬੂਲੈਂਸਾਂ

ਦੁਆਰਾ: Punjab Bani ਪ੍ਰਕਾਸ਼ਿਤ :Monday, 05 August, 2024, 04:27 PM

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬੇ ਹਲਕੇ ਲਈ ਸਿਹਤ ਵਿਭਾਗ ਨੂੰ ਸਪੁਰਦ ਕੀਤੀਆਂ ਦੋ ਅਤਿ-ਆਧੁਨਿਕ ਐਂਬੂਲੈਂਸਾਂ
ਦਿੜ੍ਹਬਾ ਦੀ ਸਫ਼ਾਈ ਵਿਵਸਥਾ ਸੁਧਾਰਨ ਲਈ ਨਗਰ ਕੌਂਸਲ ਨੂੰ ਵੀ ਦਿੱਤੀ ਆਟੋਮੈਟਿਕ ਸਫ਼ਾਈ ਮਸ਼ੀਨਰੀ ਅਤੇ ਹੋਰ ਉਪਕਰਨ
ਸਿਹਤ ਕ੍ਰਾਂਤੀ ਦੀ ਦਿਸ਼ਾ ਵਿੱਚ ਦਿੱਤੀਆਂ ਐਂਬੂਲੈਂਸਾਂ ਨਾਲ ਵਡਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਵਿੱਚ ਮਿਲੇਗੀ ਵੱਡੀ ਮਦਦ: ਹਰਪਾਲ ਸਿੰਘ ਚੀਮਾ
ਦਿੜ੍ਹਬਾ, 5 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਅੱਜ ਹਲਕਾ ਦਿੜ੍ਹਬਾ ਨੂੰ 2 ਅਤਿ-ਆਧੁਨਿਕ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਐਂਬੂਲੈਸਾਂ ਨੂੰ ਕੈਬਨਿਟ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਦਿੜ੍ਹਬਾ ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਾਰਨ ਲਈ ਨਗਰ ਕੌਂਸਲ ਨੂੰ ਵੀ ਆਟੋਮੈਟਿਕ ਸਫ਼ਾਈ ਮਸ਼ੀਨਰੀ ਅਤੇ ਹੋਰ ਉਪਕਰਨ ਦਿੱਤੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਵਿਭਾਗ ਨੂੰ 58 ਨਵੀਆਂ ਆਧੁਨਿਕ ਤਕਨੀਕ ਵਾਲੀਆਂ ਐਂਬੂਲੈਂਸਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਸਿਹਤ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲਕਦਮੀ ਹੈ ਜਿਸ ਨਾਲ ਵਡਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਨੂੰ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਮੰਤਰੀ ਚੀਮਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਹਲਕਾ ਦਿੜ੍ਹਬਾ ਅਧੀਨ ਪੈਂਦੇ ਪ੍ਰਾਇਮਰੀ ਸਿਹਤ ਕੇਂਦਰ (ਪੀ ਐੱਚ ਸੀ) ਕੌਹਰੀਆਂ ਵਿਖੇ ਬਣ ਰਹੀ ਨਵੀਂ ਇਮਾਰਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਲੋਕਾਂ ਨੂੰ ਬਿਹਤਰੀਨ ਤਕਨੀਕੀ ਉਪਕਰਨਾਂ ਨਾਲ ਲੈਸ ਇਹ ਇਮਾਰਤ ਹਲਕੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਵੀਂ ਇਮਾਰਤ ਦਾ ਨਿਰਮਾਣ ਪੂਰਾ ਹੋਣ ਨਾਲ ਹਲਕੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਦਿੜ੍ਹਬਾ ਰਾਜੇਸ਼ ਕੁਮਾਰ, ਕੈਬਨਿਟ ਮੰਤਰੀ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਸਿਵਲ ਸਰਜਨ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ, ਐੱਸ.ਐੱਮ.ਓ. ਸੁਨਾਮ ਡਾ. ਸੰਜੇ ਕਾਮਰਾ, ਐੱਸ.ਐੱਮ.ਓ. ਦਿੜ੍ਹਬਾ ਡਾ. ਮੰਜੂ ਬਾਂਸਲ ਵੀ ਹਾਜ਼ਰ ਸਨ।