ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਸਾਈਕਲ ਰੈਲੀ
ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਵਲੋਂ ਨਸ਼ਿਆਂ ਵਿਰੁੱਧ ਪੈਦਲ ਮਾਰਚ
-ਨਸ਼ਿਆਂ ਤੋਂ ਦੂਰ ਰਹਿਕੇ ਨੌਜਵਾਨ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਚੰਗੀ ਸੋਚ ਨਾਲ ਅੱਗੇ ਵਧਣ-ਗੁਰਪ੍ਰੀਤ ਸਿੰਘ ਥਿੰਦ
ਪਟਿਆਲਾ, 23 ਮਾਰਚ:
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਇਲ ਪਟਿਆਲਾ ਰਾਇਡਰਸ ਦੇ ਸਹਿਯੋਗ ਨਾਲ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਸਾਇਕਲ ਰੈਲੀ ਕਰਵਾਈ ਗਈ।
ਇਸ ਸਾਇਕਲ ਰੈਲੀ ਨੂੰ ਭੁਪਿੰਦਰ ਰੋਡ, ਨੇੜੇ ਪੀ.ਡਬਲਯੂ.ਡੀ ਰੈਸਟ ਹਾਊਸ ਤੋਂ ਝੰਡੀ ਦੇ ਕੇ ਰਵਾਨਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਦੀ ਜਿ਼ੰਦਗੀ, ਫ਼ਲਸਫ਼ੇ ਤੋਂ ਅੱਜ ਦੀ ਨੌਜਵਾਨੀ ਨੂੰ ਸੇਧ ਲੈਣ ਦੀ ਲੋੜ ਹੈ।ਏਡੀਸੀ ਥਿੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜਣ ਲਈ ਨਸ਼ਿਆਂ ਤੋਂ ਦੂਰ ਰਹਿਕੇ ਸਾਡੇ ਨੌਜਵਾਨ ਚੰਗੀ ਸੋਚ ਨਾਲ ਅੱਗੇ ਵਧਣ।ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ ਏ ਐਸ) ਡਾ. ਅਕਸ਼ਿਤਾ ਗੁਪਤਾ ਵੀ ਮੌਜੂਦ ਸਨ।
ਇਸੇ ਦੌਰਾਨ 8 ਮਾਰਚ ਤੋਂ 30 ਮਾਰਚ ਤੱਕ ਚੱਲ ਰਹੇ ਮਹਿਲਾ ਮਾਹ ਤਹਿਤ ਪਿੰਕ ਰੰਗ ਦੀ ਡਰੈੱਸ ਚ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਨੇ ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੋਸ਼ਣ ਪਖਵਾੜੇ ਦੇ ਮੱਦੇਨਜ਼ਰ ਨਸ਼ਿਆਂ ਵਿਰੁੱਧ ਪੈਦਲ ਮਾਰਚ ਵੀ ਕੀਤਾ।
ਸਾਈਕਲ ਰੈਲੀ ਦੇ ਮੁੱਖ ਪ੍ਰਬੰਧਕ ਭਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਰਾਇਲ ਪਟਿਆਲਾ ਰਾਇਡਰਸ ਦੇ ਸਾਇਕਲਿਸਟਾਂ ਨੇ ਫਲਾਵਰ ਵੈਲੀ ਧਬਲਾਨ ਤੋਂ ਵਾਪਸੀ ਤੱਕ ਸਾਈਕਲ ਚਲਾਇਆ।ਨਸ਼ਿਆਂ ਵਿਰੁੱਧ ਸੁਨੇਹਾ ਦਿੰਦੀ ਇਸ ਸਾਈਕਲ ਰੈਲੀ ਵਿਚ ਹਰ ਉਮਰ ਵਰਗ ਦੇ ਨਾਗਰਿਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਭਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਰਾਇਲ ਰਾਇਡਰਸ ਗਰੁੱਪ ਦੇ ਮੈਂਬਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਾਈਕਲ ਰਾਈਡ ਦਾ ਆਜੋਯਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਸਹਿਯੋਗ ਕਰਦੇ ਹੋਏ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਤੇ ਨਸ਼ਾ ਵਿਰੁੱਧ ਭਾਰਤ ਅਭਿਆਨ ਤੋਂ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਨਸ਼ਾ ਵਿਰੋਧੀ ਮੁਹਿੰਮ ਦੇ ਵਲੰਟੀਅਰ ਰੁਪਿੰਦਰ ਕੌਰ, ਆਈ ਟੀ ਆਈ ਲੜਕੇ ਤੋਂ ਲੈਫਟੀਨੈਂਟ ਜਗਦੀਪ ਜੋਸ਼ੀ, ਮੋਦੀ ਕਾਲਜ ਤੋਂ ਲੈਫਟੀਨੈਂਟ ਰੋਹਿਤ ਸਚਦੇਵਾ, ਮਹਿੰਦਰਾ ਕਾਲਜ ਤੋਂ ਅਮਰਜੀਤ ਸਿੰਘ, ਸਾਬਕਾ ਐਸ ਪੀ ਮਨਜੀਤ ਸਿੰਘ ਬਰਾੜ, ਮੈਡਮ ਸੁਮਨ ਬੱਤਰਾ, ਐਡਵੋਕੇਟ ਬਲਬੀਰ ਸਿੰਘ ਬਲਿੰਗ, ਫਰੈਂਡਜ਼ ਆਫ ਐਨਵਾਇਰਨਮੈਂਟ ਪਾਰਕ, ਪਟਿਆਲਾ ਰੋਡੀਜ਼, ਟੀਡੀਪੀ ਪਟਿਆਲਾ, ਰਨਰ ਸੁਕੈਡ, ਹਿਮਾਲੀਐੱਨ ਸਾਈਕਲਿੰਗ ਗਰੁੱਪ, ਫਰੈਂਡਜ਼ ਆਨ ਵੀਲ੍ਹ ਸਮੇਤ ਵੱਡੀ ਗਿਣਤੀ ਹੋਰ ਸਮਾਜ ਸੇਵੀ ਵਲੰਟੀਅਰਾਂ ਨੇ ਵੀ ਸ਼ਿਰਕਤ ਕੀਤੀ।