ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਇਕ ਮਸੀਹ ਨੌਜਵਾਨ ਦਾ ਕਤਲ ਕਰਨ ਦੇ ਇਲਜ਼ਾਮ ’ਚ ਪੁਲਸ ਨੇ ਦੋ ਪਾਦਰੀਆਂ ਨੂੰ ਕੀਤਾ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 26 August, 2024, 04:54 PM

ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਇਕ ਮਸੀਹ ਨੌਜਵਾਨ ਦਾ ਕਤਲ ਕਰਨ ਦੇ ਇਲਜ਼ਾਮ ’ਚ ਪੁਲਸ ਨੇ ਦੋ ਪਾਦਰੀਆਂ ਨੂੰ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ : ਜਿ਼ਲ੍ਹਾ ਪੁਲਸ ਗੁਰਦਾਸਪੁਰ ਨੇ ਪਿੰਡ ਸਿੰਘਪੁਰਾ ’ਚ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਇਕ ਮਸੀਹ ਨੌਜਵਾਨ ਦੇ ਅੰਦਰ ਤੋਂ ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਉਸ ਨਾਲ ਮਾਰਕੁੱਟ ਕਰਕੇ ਉਸ ਦਾ ਕਤਲ ਕਰਨ ਦੇ ਇਲਜ਼ਾਮ ’ਚ ਪੁਲਸ ਨੇ ਦੋ ਪਾਦਰੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਦਕਿ ਹੋਰ ਦੋਸ਼ੀਆਂ ਦੀ ਤਾਲਾਸ਼ ’ਚ ਪੁਲਸ ਛਾਪੇਮਾਰੀ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਹਰੀਸ਼ ਕੁਮਾਰ ਦਾਯਮਾ ਨੇ ਦੱਸਿਆ ਕਿ ਪਿੰਡ ਸਿੰਘਾਪੁਰਾ ਦੇ ਰਹਿਣ ਵਾਲੇ ਨੌਜਵਾਨ ਸੈਮੂਅਲ ਮਸੀਹ ਦੀ ਸਿਹਤ ਖ਼ਰਾਬ ਸੀ । ਉਸ ਦੀ ਸਿਹਤ ਵਿੱਚ ਸੁਧਾਰ ਲਈ ਪਰਿਵਾਰ ਨੇ ਪਾਸਟਰ ਯਾਕੂਬ ਮਸੀਹ ਪੁੱਤਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਧਾਰੀਵਾਲ ਨੂੰ ਉਨ੍ਹਾਂ ਦੇ ਘਰ ਆ ਕੇ ਦੁਆ ਕਰਨ ਲਈ ਕਿਹਾ। ਜਿਸ ’ਤੇ 21 ਅਗਸਤ ਨੂੰ ਯਾਕੂਬ ਮਸੀਹ ਆਪਣੇ ਨਾਲ ਬਲਜੀਤ ਸਿੰਘ ਉਰਫ਼ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੁਚਾਨੀਆਂ ਸਮੇਤ 8 ਅਣਪਛਾਤੇ ਵਿਅਕਤੀ ਲੈ ਕੇ ਆਇਆ , ਪਰ ਦੁਆ ਕਰਨ ਦੇ ਨਾਲ ਹੀ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਭੂਤ ਪ੍ਰੇਤ ਦੀ ਆਤਮਾ ਦੀ ਗੱਲ ਕਹਿ ਕੇ ਕੁੱਟਿਆ। ਕਰੀਬ ਦੋ ਘੰਟੇ ਦੀ ਮਸ਼ਕਤ ਤੋਂ ਬਾਅਦ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਮੰਜੇ ’ਤੇ ਬਿਠਾ ਦਿੱਤਾ ਅਤੇ ਉੱਥੋਂ ਚਲੇ ਗਏ। ਬਾਅਦ ਵਿਚ ਜਾਂਚ ਵਿਚ ਪਤਾ ਲੱਗਾ ਕਿ ਸੈਮੂਅਲ ਮਸੀਹ ਮਰ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਸੈਮੂਅਲ ਮਸੀਹ ਦਾ ਸਸਕਾਰ ਕਰਕੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।