ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਕੀਤੀ ਨਿਗਮ ਪ੍ਰਸ਼ਾਸਨ ਵਿਰੁੱਧ ਨਾਰੇਬਾਜੀ

ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਕੀਤੀ ਨਿਗਮ ਪ੍ਰਸ਼ਾਸਨ ਵਿਰੁੱਧ ਨਾਰੇਬਾਜੀ
ਪਟਿਆਲਾ : ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਨਗਰ ਨਿਗਮ ਪਟਿਆਲਾ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਗਈ।ਇਸ ਰੋਸ ਮੁਜਾਹਰੇ ਸੰਬੋਧਨ ਕਰਦਿਆਂ ਯੂਨੀਅਨ ਦੇ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਮੁਲਾਜਮਾਂ ਦੇ ਪੀ.ਐਫ., ਸੀ.ਪੀ.ਐਫ, ਐਨ.ਪੀ.ਐਸ, ਐਲ.ਆਈ.ਸੀ. ਦੀਆਂ ਕਿਸ਼ਤਾਂ ਕਾਫੀ ਸਮੇਂ ਤੋਂ ਨਹੀਂ ਖਾਤਿਆਂ ਵਿਚ ਭੇਜੀਆਂ ਜਾ ਰਹੀਆਂ ਅਤੇ ਜਦ ਵੀ ਨਗਰ ਨਿਗਮ ਪ੍ਰਸ਼ਾਸਨ ਨਾਲ ਇਸ ਸਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਵਿੱਤੀ ਹਾਲਾਤ ਠੀਕ ਨਾ ਹੋਣ ਕਰਕੇ ਟਾਲ ਮਟੋਲ ਕਰਦੇ ਨਜਰ ਆਉਂਦੇ ਹਨ ਪਰੰਤੂ ਨਗਰ ਨਿਗਮ ਵਿਖੇ ਬਿਨ੍ਹਾਂ ਕਿਸੇ ਜਰੂਰਤ ਤੋਂ ਫਰਨੀਚਰ ਦੀ ਖਰੀਦ, ਰੈਨੋਵੇਸ਼ਨ ਦਾ ਕੰਮ ਮਿਉਂਸਪਲ ਫੰਡਾਂ ਵਿਚੋਂ ਕੀਤਾ ਜਾ ਰਿਹਾ ਹੈ ਜੋ ਕਿ ਮਿਉਂਸਪਲ ਫੰਡਾਂ ਦੀ ਦੁਰਵਰਤੋਂ ਹੈ। ਅੱਜ ਮੁਲਾਜਮਾਂ ਦਾ ਗੁੱਸਾ ਉਸ ਸਮੇਂ ਫੁੱਟਿਆ ਜਦੋਂ ਸਵੇਰੇ ਹੀ ਨਗਰ ਨਿਗਮ ਦਫਤਰ ਵਿਖੇ 5 ਨਵੀਆਂ ਗੱਡੀਆਂ ਖਰੀਦ ਕਰ ਲਈਆਂ ਗਈਆਂ। ਜਦਕਿ ਰਿਟਾਇਰ ਹੋਏ ਮੁਲਾਜਮਾਂ ਦੇ ਬਣਦੇ ਡਿਊਜ਼ ਤੱਕ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਮੁਲਾਜਮਾਂ ਦਾ ਪੀ.ਐਫ., ਸੀ.ਪੀ.ਐਫ, ਐਨ.ਪੀ.ਐਸ ਅਤੇ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਵੱਲੋਂ ਸਟੇਜ ਤੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਮੁਲਾਜਮਾਂ ਦੇ ਪੀ.ਐਫ., ਸੀ.ਪੀ.ਐਫ. ਐਨ.ਪੀ.ਐਸ ਜਾਂ ਹੋਰ ਡਿਉਜ਼ ਉਨਾਂ ਨੂੰ ਨਹੀਂ ਦਿੱਤੇ ਜਾਂਦੇ ਉਨੀ ਦੇਰ ਨਗਰ ਨਿਗਮ ਮੁਲਾਜਮ ਰੋਸ ਧਰਨਾ ਜਾਰੀ ਰੱਖਣਗੇ ਅਤੇ ਜੇਕਰ ਪ੍ਰਸ਼ਾਸਨ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਆਉਣ ਵਾਲੇ ਦਿਨਾਂ ਵਿਚ ਕਲਮ ਛੋੜ/ਕੰਮ ਛੋੜ ਹੜਤਾਲ ਵੀ ਕੀਤੀ ਜਾਵੇਗੀ। ਜਿਸ ਦੀ ਸਾਰੀ ਜਿੰਮੇਵਾਰੀ ਕਮਿਸ਼ਨਰ, ਨਗਰ ਨਿਗਮ ਪਟਿਆਲਾ ਦੀ ਹੋਵੇਗੀ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪਿਛਲੇ ਦੋ ਸਾਲਾਂ ਦੋਰਾਨ ਹੋਏ ਕੰਮਾਂ ਦੀ ਮਿਉਂਸਪਲ ਫੰਡ ਵਿਚੋਂ ਹੋਈ ਅਦਾਇਗੀ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਬਿਨਾਂ ਜਰੂਰਤ ਤੋਂ ਮਿਉਂਸਪਲ ਫੰਡ ਦੀ ਕਿਵੇਂ ਦੁਰਵਰਤੋਂ ਕੀਤੀ ਗਈ ਹੈ। ਇਸ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਜਿਵੇਂਕਿ ਜਸਬੀਰ ਸਿੰਘ, ਸੁਮੀਤ ਕੁਮਾਰ, ਰਮਿੰਦਰਪ੍ਰੀਤ ਸਿੰਘ, ਵਿਜੇ ਕਲਿਆਣ (ਪ੍ਰਧਾਨ ਟੈਕਨੀਕਲ ਯੂਨੀਅਨ), ਸੀਤਾ ਰਾਮ (ਪ੍ਰਧਾਨ, ਡਰਾਇਵਰ ਯੂਨੀਅਨ), ਗੋਲਡੀ, ਮੁਨੀਸ਼ ਪੂਰੀ, ਹਰਪਾਲ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਚਾਵਲਾ, ਜਸਪਾਲ ਸਿੰਘ, ਨਵਦੀਪ ਸ਼ਰਮਾ, ਪਰਦੀਪ ਪੂਰੀ, ਜਸਕਿਰਤ ਕੋਰ, ਅਮਰਿੰਦਰ ਕੋਰ, ਨਿਸ਼ਾ ਰਾਣੀ, ਕਮਲੇਸ਼ ਰਾਣੀ ਆਦਿ ਨੇ ਸੰਬੋਧਨ ਕੀਤਾ।
