ਅੰਮ੍ਰਿਤਸਰ ਐਨ.ਆਰ.ਆਈ. ਗੋਲੀ ਕਾਂਡ 'ਤੇ 'ਆਪ' ਨੇ ਵਿਰੋਧੀ ਧਿਰ ਨੂੰ ਘੇਰਿਆ, ਕਿਹਾ-ਪਰਿਵਾਰਕ ਝਗੜੇ 'ਤੇ ਕਰ ਰਹੀ ਰਾਜਨੀਤੀ

ਅੰਮ੍ਰਿਤਸਰ ਐਨ.ਆਰ.ਆਈ. ਗੋਲੀ ਕਾਂਡ ‘ਤੇ ‘ਆਪ’ ਨੇ ਵਿਰੋਧੀ ਧਿਰ ਨੂੰ ਘੇਰਿਆ, ਕਿਹਾ-ਪਰਿਵਾਰਕ ਝਗੜੇ ‘ਤੇ ਕਰ ਰਹੀ ਰਾਜਨੀਤੀ
– ‘ਆਪ’ ਬੁਲਾਰੇ ਨੀਲ ਗਰਗ ਨੇ ਅਕਾਲੀ ਦਲ ‘ਤੇ ਹਮਲਾ ਬੋਲਿਆ, ਕਿਹਾ- ਬਾਦਲ ਸਰਕਾਰ ਵੇਲੇ ਅੰਮ੍ਰਿਤਸਰ ‘ਚ ਇੱਕ ਏ.ਐੱਸ.ਆਈ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਸੀ
– ਭਾਜਪਾ ਨੂੰ ਵੀ ਘੇਰਿਆ, ਕਿਹਾ-ਹਰਿਆਣਾ ਵਿੱਚ ਇੱਕ ਮੌਜੂਦਾ ਵਿਧਾਇਕ ਨੂੰ ਗੋਲੀ ਮਾਰ ਦਿੱਤੀ ਗਈ, ਯੂਪੀ ਦੇ ਰਾਏਬਰੇਲੀ ਵਿੱਚ ਮਜ਼ਦੂਰੀ ਮੰਗਣ ‘ਤੇ ਦਲਿਤ ਵਿਅਕਤੀ ‘ਤੇ ਤਸ਼ੱਦਦ ਕੀਤਾ ਗਿਆ, ਇਸ ‘ਤੇ ਚੁੱਪ ਕਿਉਂ ਰਹੇ?
ਚੰਡੀਗੜ੍ਹ: ਅੰਮ੍ਰਿਤਸਰ ਐਨ.ਆਰ.ਆਈ. ਗੋਲੀ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਵਿਰੋਧੀ ਧਿਰ ਪਰਿਵਾਰਕ ਝਗੜੇ ਨੂੰ ਲੈ ਕੇ ਵੀ ਰਾਜਨੀਤੀ ਕਰ ਰਿਹਾ ਹੈ ਅਤੇ ਇਸ ਘਟਨਾ ਨੂੰ ਜਾਣਬੁੱਝ ਕੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜਿਆ ਜਾ ਰਿਹਾ ਹੈ। ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਐਨ.ਆਰ.ਆਈ. ਵਿਅਕਤੀ ਦੇ ਪਰਿਵਾਰ ਨੇ ਬਿਆਨ ਦਿੱਤਾ ਹੈ ਕਿ ਉਸ ‘ਤੇ ਉਸ ਦੀ ਸਾਬਕਾ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕੀਤਾ ਸੀ। ਇਹ ਪੂਰੀ ਤਰ੍ਹਾਂ ਪਰਿਵਾਰਕ ਮਾਮਲਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਕਈ ਆਗੂ ਇਸ ‘ਤੇ ਸਿਆਸਤ ਕਰ ਰਹੇ ਹਨ। ਨੀਲ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਡੀਜੀਪੀ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਪੁਲਿਸ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਕਰ ਰਹੀ ਹੈ। ਗਰਗ ਨੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਅੰਮ੍ਰਿਤਸਰ ‘ਚ ਇਕ ਏ.ਐੱਸ.ਆਈ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਹੋਏ ਸ਼ਹੀਦ ਹੋ ਗਿਆ ਸੀ। ਛੇੜਛਾੜ ਕਰਨ ਵਾਲੇ ਅਕਾਲੀ ਦਲ ਦੇ ਹੀ ਗੁੰਡੇ ਸਨ। ਉਨ੍ਹਾਂ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਵਿੱਚ ਇੱਕ ਮੌਜੂਦਾ ਵਿਧਾਇਕ ਨੂੰ ਗੋਲੀ ਮਾਰ ਦਿੱਤੀ ਗਈ। ਯੂਪੀ ਦੇ ਰਾਏਬਰੇਲੀ ਵਿੱਚ ਇੱਕ ਦਲਿਤ ਵਿਅਕਤੀ ਨੂੰ ਮਜ਼ਦੂਰੀ ਮੰਗਣ ‘ਤੇ ਤਸ਼ੱਦਦ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਇਸ ਮਾਮਲੇ ‘ਤੇ ਕਿਉਂ ਕੁਝ ਨਹੀਂ ਕਿਹਾ? ਗਰਗ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਸ਼ਾਸਤ ਅਤੇ ਹੋਰ ਗੁਆਂਢੀ ਰਾਜਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੀ ਮਾਨ ਸਰਕਾਰ ਦੇ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਫੀ ਬਿਹਤਰ ਹੈ। ਵਿਰੋਧੀ ਧਿਰ ਦਾ ਮਕਸਦ ਸਿਰਫ ਬਦਨਾਮ ਕਰਨਾ ਹੈ ।
