‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਦੇ ਉਦਘਾਟਨੀ

ਦੁਆਰਾ: Punjab Bani ਪ੍ਰਕਾਸ਼ਿਤ :Friday, 23 August, 2024, 04:46 PM

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਦੇ ਉਦਘਾਟਨੀ
ਸਮਾਰੋਹ ਦੀ ਮੇਜ਼ਬਾਨੀ ਕਰੇਗਾ ਸੰਗਰੂਰ: ਜਤਿੰਦਰ ਜੋਰਵਾਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਕਰਨਗੇ ਰਸਮੀ ਆਗਾਜ਼
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ
ਸੰਗਰੂਰ, 23 ਅਗਸਤ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪਿਛਲੇ ਦੋ ਵਰਿ੍ਹਆਂ ਤੋਂ ਆਰੰਭੇ ਖੇਡਾਂ ਦੇ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਇਸ ਵਾਰ ਜ਼ਿਲ੍ਹਾ ਸੰਗਰੂਰ ਨੂੰ ਇਨ੍ਹਾਂ ਖੇਡਾਂ ਦੇ ਸੀਜ਼ਨ 3 ਤਹਿਤ ਮੇਜ਼ਬਾਨੀ ਕਰਨ ਦਾ ਅਹਿਮ ਮੌਕਾ ਪ੍ਰਾਪਤ ਹੋਇਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਮੀ ਖੇਡ ਦਿਵਸ ਦੇ ਮੌਕੇ ’ਤੇ 29 ਅਗਸਤ ਨੂੰ ਇਨ੍ਹਾਂ ਖੇਡਾਂ ਦਾ ਰਸਮੀ ਆਗਾਜ਼ ਕਰਨਗੇ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਸੌਂਪੀ ਗਈ ਜਿੰਮੇਵਾਰੀ ਤਨਦੇਹੀ ਤੇ ਆਪਸੀ ਮਿਲਵਰਤਨ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ 23 ਜ਼ਿਲਿ੍ਹਆਂ ਤੋਂ ਆਉਣ ਵਾਲੇ ਖਿਡਾਰੀਆਂ, ਕੋਚਾਂ ਤੇ ਹੋਰ ਸਹਿਯੋਗੀ ਸਟਾਫ਼ ਲਈ ਲੋੜੀਂਦੇ ਹਰ ਪ੍ਰਬੰਧ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਅਤੇ ਲੇਜ਼ਰ ਸ਼ੋਅ ਸਮੇਤ ਹੋਰ ਸਭਿਆਚਾਰਕ ਵੰਨਗੀਆਂ ਆਕਰਸ਼ਣ ਦਾ ਕੇਂਦਰ ਬਣਨਗੀਆਂ। ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਵਿਵਸਥਾ, ਪਾਰਕਿੰਗ ਤੇ ਨਿਰਵਿਘਨ ਆਵਾਜਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਵਾਰ ਹੀਰੋਜ਼ ਸਟੇਡੀਅਮ, ਬਨਾਸਰ ਬਾਗ, ਸ਼ਹਿਰ ਦੇ ਪ੍ਰਮੁੱਖ ਚੌਂਕਾਂ ਸਮੇਤ ਹੋਰ ਥਾਵਾਂ ’ਤੇ ਸਾਫ਼ ਸਫਾਈ ਪ੍ਰਬੰਧਾਂ, ਸਮਾਗਮ ਸਥਾਨ ’ਤੇ ਬਣਾਏ ਜਾਣ ਵਾਲੇ ਬਲਾਕਾਂ ਦੇ ਪ੍ਰਬੰਧਾਂ, ਦੂਰੋਂ ਨੇੜਿਓਂ ਆਉਣ ਵਾਲੀਆਂ ਖੇਡ ਹਸਤੀਆਂ, ਸਵਾਗਤੀ ਗੇਟਾਂ, ਖਿਡਾਰੀਆਂ ਲਈ ਰਿਹਾਇਸ਼ ਪ੍ਰਬੰਧਾਂ ਸਮੇਤ ਹੋਰ ਹਰ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਡਾ. ਆਦਿੱਤਯ ਸ਼ਰਮਾ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।