ਐਗਰੀ ਇਨਪੁਟ ਡੀਲਰ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ -ਮਾਮਲਾ ਕੋਆਪਰੇਟਿਵ ਸੋਸਾਇਟੀਆ ਚ ਡੀ ਏ ਪੀ ਖਾਦ ਦੇ ਨਮੂਨੇ ਦੇ ਸੈਂਪਲਾਂ ਦਾ

ਐਗਰੀ ਇਨਪੁਟ ਡੀਲਰ ਐਸੋਸੀਏਸ਼ਨ ਦੀ ਹੋਈ ਵਰਚੂਅਲ ਮੀਟਿੰਗ
ਮਾਮਲਾ ਕੋਆਪਰੇਟਿਵ ਸੋਸਾਇਟੀਆ ਚ ਡੀ ਏ ਪੀ ਖਾਦ ਦੇ ਨਮੂਨੇ ਦੇ ਸੈਂਪਲਾਂ ਦਾ
ਨਾਭਾ 18 ਅਗਸਤ () : ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਰਜਿ: ਪੰਜਾਬ ਦੀ ਇੱਕ ਜ਼ਰੂਰੀ ਵਰਚੂਅਲ ਮੀਟਿੰਗ ਪੰਜਾਬ ਪ੍ਰਧਾਨ ਸ. ਬੀਰਇੰਦਰ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮੁੱਖ ਮੁੱਦਾ ਬੀਤੇ ਦਿਨੀਂ ਮਹਿਕਮਾ ਖੇਤੀਬਾੜੀ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਦੇ ਡੀ.ਏ.ਪੀ ਖਾਦ ਦੇ ਲਏ ਗਏ ਨਮੂਨੇ ਰਿਹਾ । ਵਰਨਣਯੋਗ ਹੈ ਕਿ ਪਿਛਲੇ ਦਿਨੀਂ ਮਹਿਕਮਾ ਖੇਤੀਬਾੜੀ ਵੱਲੋਂ ਪਹਿਲੀ ਵਾਰ ਵੱਖ ਵੱਖ ਕੋਆਪਰੇਟਿਵ ਸੁਸਾਇਟੀਆਂ ਵਿੱਚੋਂ ਡੀ.ਏ.ਪੀ ਖਾਦ ਦੇ ਨਮੂਨੇ ਲਏ ਗਏ ਸਨ। ਸਰਕਾਰੀ ਪਰਖ਼ ਪ੍ਰਯੋਗਸ਼ਾਲਾ ਵਿੱਚ ਟੈਸਟ ਕਰਨ ਉਪਰੰਤ ਇਹਨਾਂ ਨਮੂਨਿਆਂ ਵਿੱਚੋਂ ਤਕਰੀਬਨ 60 ਫੀ ਸਦੀ ਨਮੂਨੇ ਗੈਰ ਮਿਆਰੀ ਪਾਏ ਗਏ ਹਨ,ਜੋ ਕਿ ਲੋੜੀਂਦੀ ਮਾਤਰਾ ਨਾਲੋਂ ਅੱਧ ਤੋਂ ਵੀ ਘੱਟ ਪਾਏ ਗਏ ਹਨ।ਪੰਜਾਬ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਗਰੀ ਇਨਪੁਟ ਡੀਲਰਜ਼ ਐਸੋਸੀਏਸ਼ਨ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਮੁਹਈਆ ਕਰਵਾਉਣ ਲਈ ਪ੍ਰਾਈਵੇਟ ਡੀਲਰਾਂ ਦੇ ਨਾਲ ਨਾਲ ਕੋਆਪਰੇਟਿਵ ਸੁਸਾਇਟੀਆਂ ਅਤੇ ਹੋਰ ਅਦਾਰਿਆਂ ਦੀ ਵੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਨਮੂਨੇ ਲੈਕੇ ਟੈਸਟ ਕਰਵਾਉਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਡੀਲਰਾਂ ਦੀਆਂ ਸਮੱਸਿਆਂਵਾਂ ਅਤੇ ਸੁਝਾਅ ਸੁਣਨ ਲਈ ਕੋਈ ਟਾਇਮ ਨਹੀਂ ਦਿੱਤਾ ਜਾ ਰਿਹਾ,ਜਿਸ ਨਾਲ ਖੇਤੀਬਾੜੀ ਵਪਾਰ ਨਾਲ ਜੁੜੇ ਸਮੁੱਚੇ ਭਾਈਚਾਰੇ ਵਿੱਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋਂ ਖੇਤੀਬਾੜੀ ਵਿਭਾਗ ਦੇ ਸੂਬਾ ਪੱਧਰੀ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।ਜਨਰਲ ਸਕੱਤਰ ਗੋਕਲ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਕੁੱਝ ਕੀੜੇਮਾਰ ਦਵਾਈਆਂ ਅਤੇ ਬੀਜ ਕੰਪਨੀਆਂ ਦੇ ਉੱਚ ਅਧਿਕਾਰੀ ਡੀਲਰਾਂ ਨਾਲ ਵਪਾਰ ਸਬੰਧੀ ਵਾਅਦਾ ਕਰਨ ਦੇ ਬਾਅਦ ਹਿਸਾਬ ਕਰਨ ਸਮੇਂ ਆਪਣੇ ਵਾਅਦੇ ਤੇ ਪੂਰੇ ਨਹੀਂ ਉੱਤਰਦੇ, ਜਿਸ ਕਰਕੇ ਵਪਾਰੀਆਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ।ਉਸ ਸਬੰਧੀ ਕੰਪਨੀ ਨੂੰ ਚਾਹੀਦਾ ਹੈ ਕਿ ਆਪਣੇ ਵਾਅਦੇ ਨੂ ਪੂਰਾ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਸਮੂਹ ਮੈਂਬਰਾਂ ਨੇ ਬੀਤੇ ਦਿਨੀਂ ਮਹਿਕਮਾ ਖੇਤੀਬਾੜੀ ਵੱਲੋਂ ਮਾਨਸਾ ਦੇ ਬੀਜ ਡੀਲਰਾਂ ਨਾਲ ਕੀਤੀ ਧੱਕੇਸ਼ਾਹੀ ਅਤੇ ਰਾਮਾ ਮੰਡੀ ਵਿਖੇ ਕਿਸਾਨਾਂ ਵੱਲੋਂ ਡੀਲਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਬੰਦੀ ਬਣਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਇਸ ਮੌਕੇ ਮੀਤ ਪ੍ਰਧਾਨ ਧਰਮ ਬਾਂਸਲ ਪਟਿਆਲਾ, ਖਜਾਨਚੀ ਅਰਵਿੰਦ ਬਾਂਸਲ ਬਨੂੰੜ,ਰਾਜ ਕੁਮਾਰ ਗਰਗ ਲਹਿਰਾਗਾਗਾ,ਵਿਕਾਸ ਗਿਲਹੋਤਰਾ ਗੁਰੂ ਹਰਸਹਾਏ, ਦਰਸ਼ਨ ਸਿੰਗਲਾ ਨਿਹਾਲ ਸਿੰਘ ਵਾਲਾ, ਸੁਨੀਲ ਅੱਗਰਵਾਲ ਸਮਰਾਲਾ ਬਹਾਦਰ ਸਿੰਘ ਅਮਲੋਹ ,ਰਾਕੇਸ਼ ਜੀ ਮਾਲੇਰਕੋਟਲਾ ਤੋਂ ਇਲਾਵਾ ਹੋਰ ਡੀਲਰ ਵੀ ਹਾਜ਼ਰ ਸਨ।
