ਬਸ ਦੇ ਹਾਈਵੇਅ ਤੇ ਖੜ੍ਹੇ ਟਰਾਲੇ ਨਾਲ ਜਾ ਟਕਰਾਉਣ ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ

ਬਸ ਦੇ ਹਾਈਵੇਅ ਤੇ ਖੜ੍ਹੇ ਟਰਾਲੇ ਨਾਲ ਜਾ ਟਕਰਾਉਣ ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ
ਜੀਂਦ : ਹਰਿਆਣਾ ਸੂਬੇ ਦੇ ਜੀਂਦ ਵਿਚ ਜੈਪੁਰ ਤੋਂ ਲੁਧਿਆਣਾ ਜਾ ਰਹੀ ਬੱਸ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਜੁਲਾਨਾ ਤੋਂ ਲੰਘਦੇ ਨੈਸ਼ਨਲ -ਐਨ. ਐਚ 152 `ਤੇ ਹਾਈਵੇਅ `ਤੇ ਖੜ੍ਹੇ ਇਕ ਟਰਾਲੇ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਡਰਾਈਵਰ ਦੀ ਧੋਣ ਧੜ ਤੋਂ ਲੱਥ ਕੇ ਟਰਾਲੇ ਵਿਚ ਜਾ ਡਿੱਗੀ ਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ ਵੀ ਜ਼ਖ਼ਮੀ ਹਨ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਤਕਰੀਬਨ 27 ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਜੁਲਾਨਾ ਦੇ ਕਮਿਊਨਿਟੀ ਹੈਲਥ ਸੈਂਟਰ `ਚ ਲਿਆਂਦਾ ਗਿਆ, ਜਿਨ੍ਹਾਂ `ਚੋਂ 17 ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਬਾਕੀ ਜ਼ਖ਼ਮੀਆਂ ਦਾ ਜੁਲਾਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੂਰਾ ਪ੍ਰਸ਼ਾਸਨ ਮੌਕੇ `ਤੇ ਪਹੁੰਚ ਗਿਆ ਅਤੇ ਰਾਹਤ ਕਾਰਜਾਂ `ਚ ਜੁੱਟ ਗਿਆ ਹੈ। ਜੁਲਾਨਾ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਤੋਂ ਵੀ ਰਾਹਤ ਕਾਰਜਾਂ ਲਈ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮੌਕੇ `ਤੇ ਪਹੁੰਚੇ ਜੁਲਾਨਾ ਥਾਣਾ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ `ਤੇ ਸੂਚਨਾ ਮਿਲੀ ਸੀ ਕਿ ਐਨ.ਐਚ-152 ਡੀ `ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ `ਚ ਇਕ ਵਿਅਕਤੀ ਦੀ ਮੌਕੇ `ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਲਈ ਜੁਲਾਨਾ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੀ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭਿਜਵਾਇਆ ਗਿਆ ਹੈ।
