ਰੇਲਵੇ ਪੁਲਸ ਨੇ ਚੈਕਿੰਗ ਦੌਰਾਨ ਸਟੇਸ਼ਨ ਦੇ ਪਲੇਟਫਾਰਮ ’ਤੇ ਰੇਲਵੇ ਟਰੈਕ ’ਤੇ ਪਏ ਇਕ ਬੈਗ ’ਚੋਂ 10 ਦੇਸੀ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ

ਦੁਆਰਾ: Punjab Bani ਪ੍ਰਕਾਸ਼ਿਤ :Monday, 19 August, 2024, 03:50 PM

ਰੇਲਵੇ ਪੁਲਸ ਨੇ ਚੈਕਿੰਗ ਦੌਰਾਨ ਸਟੇਸ਼ਨ ਦੇ ਪਲੇਟਫਾਰਮ ’ਤੇ ਰੇਲਵੇ ਟਰੈਕ ’ਤੇ ਪਏ ਇਕ ਬੈਗ ’ਚੋਂ 10 ਦੇਸੀ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ
ਪਟਿਆਲਾ : ਪਟਿਆਲਾ ਰੇਲਵੇ ਪਲੇਟਫਾਰਮ ’ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੇਲਵੇ ਪੁਲਸ ਨੇ ਚੈਕਿੰਗ ਦੌਰਾਨ ਸਟੇਸ਼ਨ ਦੇ ਪਲੇਟਫਾਰਮ ’ਤੇ ਰੇਲਵੇ ਟਰੈਕ ’ਤੇ ਪਏ ਇਕ ਬੈਗ ’ਚੋਂ 10 ਦੇਸੀ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਉੱਥੋਂ ਲੰਘ ਰਹੀ ਰੇਲ ਗੱਡੀ ਵਿਚੋਂ ਕਿਸੇ ਨੇ ਇਨ੍ਹਾਂ ਨੂੰ ਸੁੱਟ ਦਿੱਤਾ ਸੀ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਜਦੋਂ ਰੇਲਵੇ ਪੁਲਸ ਵੱਲੋਂ ਪਲੇਟਫਾਰਮ ’ਤੇ ਚੈਕਿੰਗ ਕੀਤੀ ਜਾ ਰਹੀ ਸੀ। ਪਲੇਟਫਾਰਮ ਨੰਬਰ 1 ’ਤੇ ਉਨ੍ਹਾਂ ਨੂੰ ਇਕ ਕਾਲਾ ਬੈਗ ਮਿਲਿਆ, ਜਿਸ ਦੀ ਤਲਾਸ਼ੀ ਲੈਣ ’ਤੇ ਉਸ `ਚੋਂ 32 ਬੋਰ ਦੇ 10 ਦੇਸੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵੱਲ ਜਾ ਰਹੀ ਮਾਲਵਾ ਐਕਸਪ੍ਰੈਸ ਗੱਡੀ ਕੁਝ ਸਮਾਂ ਪਹਿਲਾਂ ਉਥੋਂ ਲੰਘੀ ਸੀ। ਹਾਲਾਂਕਿ ਸੂਤਰਾਂ ਅਨੁਸਾਰ ਰੇਲਵੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਪੁਲਸ ਹਾਲੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੀ।ਇਸ ਸਬੰਧੀ ਇਹ ਵੀ ਕਿਆਸ ਲਾਇਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਰੇਲ ਗੱਡੀ ਦੀ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਜਦੋਂ ਮੁਲਜ਼ਮਾਂ ਦੇ ਫੜੇ ਜਾਣ ਦਾ ਡਰ ਸੀ ਤਾਂ ਉਨ੍ਹਾਂ ਨੇ ਇਹ ਹਥਿਆਰ ਹੇਠਾਂ ਸੁੱਟ ਦਿੱਤੇ ਹੋਣ। ਪੁਲਸ ਵੱਲੋਂ ਪੂਰੀ ਜਾਂਚ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋ ਸਕਦਾ ਹੈ ।