7 ਰੋਜ਼ਾ ਨੈਸ਼ਨਲ ਗਤਕਾ ਰੈਫਰੀ ਟ੍ਰੇਨਿੰਗ ਕੈਂਪ ਦੀ ਐਨ .ਆਈ. ਐਸ. ਪਟਿਆਲਾ ਵਿਖੇ ਸ਼ੁਰੂਆਤ

7 ਰੋਜ਼ਾ ਨੈਸ਼ਨਲ ਗਤਕਾ ਰੈਫਰੀ ਟ੍ਰੇਨਿੰਗ ਕੈਂਪ ਦੀ ਐਨ .ਆਈ. ਐਸ. ਪਟਿਆਲਾ ਵਿਖੇ ਸ਼ੁਰੂਆਤ
-ਡੀ. ਆਈ. ਜੀ ਅਤੇ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਹਰਚਰਨ ਸਿੰਘ ਭੁੱਲਰ ਨੇ ਕੀਤਾ ਉਦਘਾਟਨ
ਪਟਿਆਲਾ : ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਇੱਕ 7 ਰੋਜ਼ਾ ਗਤਕਾ ਰੈਫਰੀ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਐਨ.ਆਈ.ਐਸ. ਪਟਿਆਲਾ ਵਿਖੇ ਕੀਤੀ ਗਈ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋੰ ਪੁੱਜੇ ਪਟਿਆਲਾ ਰੇਂਜ ਦੇ ਡੀ.ਆਈ.ਜੀ ਅਤੇ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਸ. ਹਰਚਰਨ ਸਿੰਘ ਭੁੱਲਰ ਨੇ ਭਾਰਤ ਦੇ 13 ਰਾਜਾਂ ਤੋਂ ਆਏ 80 ਉਮੀਦਵਾਰਾਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਕਿਸੇ ਵੀ ਖੇਡ ਲਈ ਜਰੂਰੀ ਹੈ ਕਿ ਉਸਦੇ ਰੈਫਰੀ ਅਤੇ ਜੱਜ ਉਸ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ ਅਤੇ ਬਿਨਾਂ ਕਿਸੇ ਪੱਖਪਾਤ ਦੇ ਫੈਸਲਾ ਦੇਣ। ਉਹਨਾਂ ਕਿਹਾ ਕਿ ਯਕੀਨਨ ਹੀ ਜਦੋਂ ਇਹ ਵੱਖ-ਵੱਖ ਰਾਜਾਂ ਤੋਂ ਆਏ ਹੋਏ ਰੈਫਰੀ /ਜੱਜ ਆਪੋ-ਆਪਣੇ ਰਾਜਾਂ ਵਿੱਚ ਜਾ ਕੇ ਖਿਡਾਰੀਆਂ ਨੂੰ ਗਤਕੇ ਦੇ ਨਿਯਮਾਂ ਤੋਂ ਜਾਣੂ ਕਰਾਉਣਗੇ ਤਾਂ ਇਸ ਖੇਡ ਨੂੰ ਹੋਰ ਵਧਾਵਾ ਮਿਲੇਗਾ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ 2008 ਤੋਂ ਸਿੱਖਾਂ ਦੀ ਵਿਰਾਸਤੀ ਖੇਡ ਗਤਕਾ ਨੂੰ ਇੱਕ ਪ੍ਰੋਫੈਸ਼ਨਲ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ ਅਤੇ ਉਸਦੇ ਯਤਨਾਂ ਸਦਕਾ ਇਸ ਖੇਡ ਨੂੰ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਅਤੇ ਨੈਸ਼ਨਲ ਗੇਮਜ਼ ਵਰਗੇ ਵੱਡੇ ਮੰਚਾਂ ਉੱਤੇ ਮਾਨਤਾ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਗਤਕਾ ਖੇਡ ਦਾ ਪੂਰੇ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਪ੍ਰਚਾਰ ਅਤੇ ਪ੍ਰਸਾਰ ਹੋਇਆ ਹੈ।ਨੈਸ਼ਨਲ ਗੇਮ, ਖੇਲੋ ਇੰਡੀਆ, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ, ਆਲ ਇੰਡੀਆ ਯੂਨੀਵਰਸਿਟੀ ਵਰਗੇ ਵੱਡੇ ਪਲੈਟਫਾਰਮ ਤੇ ਇਸ ਖੇਡ ਨੂੰ ਮਾਨਤਾ ਮਿਲਣ ਤੋਂ ਬਾਅਦ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਸਟੇਟਸ ਦੇ ਖਿਡਾਰੀ ਇਸ ਖੇਡ ਨਾਲ ਜੁੜ ਰਹੇ ਹਨ ਅਤੇ ਇਸ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਹੀ ਇਸ ਕੈਂਪ ਦਾ ਮੁੱਖ ਮਕਸਦ ਹੈ।ਇਸ ਮੌਕੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਸ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਨ.ਆਈ.ਐਸ ਪਟਿਆਲਾ ਵਿਖੇ ਗਤਕਾ ਕੋਰਸ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਤੇਜ਼ੀ ਨਾਲ ਗਤਕਾ ਕੋਚਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉਹਨਾਂ ਨੇ ਜਿੱਥੇ ਬਾਹਰਲੇ ਰਾਜਾਂ ਤੋਂ ਆਏ ਹੋਏ ਉਮੀਦਵਾਰਾਂ ਨੂੰ ਜੀ ਆਇਆ ਨੂੰ ਕਿਹਾ ਉੱਥੇ ਹੀ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਖੇਡ ਗੱਤਕਾਂ ਨੂੰ ਪੂਰੇ ਮਾਣ- ਸਤਿਕਾਰ ਅਤੇ ਅਦਬ ਨਾਲ ਖੇਡਿਆ ਜਾਵੇ। ਇਸ ਮੌਕੇ ਚੜਦੀ ਕਲਾ ਟਾਈਮ ਟੀ.ਵੀ. ਦੇ ਚੈਅਰਮੇਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਭਾਸ਼ਣ ਦੌਰਾਨ ਸਿੱਖਾਂ ਦੀ ਜੰਗਜੂ ਖੇਡ ਗੱਤਕਾ ਦੇ ਇਤਿਹਾਸਿਕ ਪੱਖ ਤੋਂ ਜਾਣੂ ਕਰਵਾਇਆ। ਇਸ ਮੌਕੇ ਜਗਦੀਪ ਸਿੰਘ ਕਾਹਲੋਂ (ਅੰਤਰਰਾਸ਼ਟਰੀ ਸਾਇਲਿਸਟ), ਵੈਭਵ ਯਾਦਵ(ਆਈ.ਪੀ.ਐਸ), ਜਸਵੰਤ ਸਿੰਘ ਖਹਿਰਾ ਜਨਰਲ ਸਕੱਤਰ ਮਸਤੂਆਣਾ ਸਾਹਿਬ ਟਰੱਸਟ, ਜਸਪਾਲ ਸਿੰਘ, ਭੁਪਿੰਦਰ ਸਿੰਘ ਚੀਫ ਕੋਆਰਡੀਨੇਟਰ ਗਤਕਾ ਕੈਂਪ, ਤਲਵਿੰਦਰ ਸਿੰਘ , ਸੁਖਦੇਵ ਸਿੰਘ ਭੋਲਾ ਪ੍ਰਧਾਨ ਪਟਿਆਲਾ ਗਤਕਾ ਐਸੋਸੀਏਸ਼ਨ, ਮਨਵਿੰਦਰ ਸਿੰਘ ਅੰਮ੍ਰਿਤਸਰ, ਗੁਰਜੰਟ ਸਿੰਘ ਅੰਤਰਰਾਸ਼ਟਰੀ ਖਿਡਾਰੀ, ਰਘਬੀਰ ਸਿੰਘ ਡੇਹਲੋਂ ਤੇ ਬਹਾਦਰ ਸਿੰਘ ਹਾਜ਼ਰ ਸਨ।
