ਸਰਕਾਰੀ ਮੱਛੀ ਪੂੰਗ ਫਾਰਮ ਸੰਗਰੂਰ ਅਤੇ ਬੇਨੜਾ ਵਿਖੇ 1 ਕਰੋੜ 50 ਲੱਖ ਮੱਛੀ ਪੂੰਗ ਦਾ ਉਤਪਾਦਨ
ਜ਼ਿਲਾ ਸੰਗਰੂਰ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਮੱਛੀ ਪਾਲਣ ਹੇਠ 65 ਏਕੜ ਨਵਾਂ ਰਕਬਾ ਲਿਆਂਦਾ: ਜਤਿੰਦਰ ਜੋਰਵਾਲ
ਮਾਹਿਰਾਂ ਤੋਂ ਸਿਖਲਾਈ ਲੈ ਕੇ ਮੱਛੀ ਪਾਲਣ ਦੇ ਕਿੱਤੇ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ ਵਿੱਤੀ ਮਜਬੂਤੀ
ਸਰਕਾਰੀ ਮੱਛੀ ਪੂੰਗ ਫਾਰਮ ਸੰਗਰੂਰ ਅਤੇ ਬੇਨੜਾ ਵਿਖੇ 1 ਕਰੋੜ 50 ਲੱਖ ਮੱਛੀ ਪੂੰਗ ਦਾ ਉਤਪਾਦਨ
ਨੀਲੀ ਕ੍ਰਾਂਤੀ ਵੱਲ ਵਧਿਆ ਸੰਗਰੂਰ ਦੇ ਕਿਸਾਨਾਂ ਤੇ ਨੌਜਵਾਨਾਂ ਦਾ ਰੁਝਾਨ
ਸੰਗਰੂਰ, 16 ਜੁਲਾਈ : ਜ਼ਿਲਾ ਸੰਗਰੂਰ ਦੇ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੇ ਨੀਲੀ ਕ੍ਰਾਂਤੀ ਵੱਲ ਆਪਣਾ ਕਦਮ ਵਧਾਇਆ ਹੈ। ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਜ਼ਿਲ੍ਹਾ ਸੰਗਰੂਰ ਵਿਖੇ ਵਿੱਤੀ ਸਾਲ 2024-25 ਦੇ ਪਹਿਲੇ 3 ਮਹੀਨਿਆਂ ਦੌਰਾਨ ਕਰੀਬ 65 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਹੈ ਜਿਸ ਵਿਚ 15 ਏਕੜ ਦੇ 6 ਪ੍ਰਾਈਵੇਟ ਮੱਛੀ ਤਲਾਬ ਅਤੇ 50 ਏਕੜ ਦੇ ਪੰਚਾਇਤੀ ਛੱਪੜ ਮੱਛੀ ਪਾਲਣ ਅਧੀਨ ਲਿਆਂਦੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਿਤ ਦੋ ਸਰਕਾਰੀ ਮੱਛੀ ਪੂੰਗ ਫਾਰਮ ਸੰਗਰੂਰ ਅਤੇ ਬੇਨੜਾ ਵਿਖੇ 1 ਕਰੋੜ 50 ਲੱਖ ਮੱਛੀ ਪੂੰਗ ਪੈਦਾ ਕੀਤਾ ਗਿਆ ਹੈ, ਜਿਸ ਵਿੱਚੋਂ 70 ਲੱਖ ਪੂੰਗ ਵੱਖ-ਵੱਖ ਮੱਛੀ ਪਾਲਕ ਕਿਸਾਨਾਂ ਨੂੰ ਉਹਨਾਂ ਦੇ ਮੱਛੀ ਤਲਾਬਾਂ ਵਿੱਚ ਸਟਾਕ ਕਰਨ ਲਈ ਸਪਲਾਈ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲਾ ਸੰਗਰੂਰ ਪੂਰੇ ਪੰਜਾਬ ਵਿੱਚੋਂ ਮੱਛੀ ਪੈਦਾਵਾਰ ਅਤੇ ਸਪਲਾਈ ਵਿੱਚ ਮੋਹਰੀ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਪੰਜ ਕਿਸਮਾਂ ਦਾ ਪੂੰਗ ਰੋਹੂ, ਮੁਰਾਖ, ਕਤਲਾ, ਗਰਾਸ ਕਾਰਪ ਅਤੇ ਕਾਮਨ ਕਾਰਪ ਦੀ ਪੈਦਾਵਾਰ ਕਰਕੇ ਕਿਸਾਨਾਂ ਨੂੰ ਬਹੁਤ ਹੀ ਵਾਜਬ ਮੁੱਲ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿਲੇ ਵਿੱਚ ਨਵੇਂ ਤਿਆਰ ਕੀਤੇ ਜਾ ਰਹੇ ਮੱਛੀ ਪਾਲਕਾਂ ਨੂੰ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਸਬਸਿਡੀ ਜਲਦੀ ਹੀ ਪ੍ਰਵਾਨਗੀ ਉਪਰੰਤ ਵੰਡ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ ਨਵੇਂ ਕਿਸਾਨਾਂ ਨੂੰ ਹਰ ਮਹੀਨੇ ਮੁਫਤ ਪੰਜ ਦਿਨਾਂ ਟ੍ਰੇਨਿੰਗ ਦਫਤਰ ਵਿਖੇ ਦਿੱਤੀ ਜਾਂਦੀ ਹੈ ਅਤੇ ਮੱਛੀ ਕਾਸ਼ਤਕਾਰਾਂ ਨੂੰ ਮੁਫਤ ਪ੍ਰਸਾਰ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ । ਉਨ੍ਹਾਂ ਦੱਸਿਆ ਕਿ ਸਰਕਾਰੀ ਮੱਛੀ ਪੂੰਗ ਫਾਰਮ ਬੇਨੜਾ ਵਿਖੇ ਫਿਸ਼ ਫੀਡ ਬਣਾਉਣ ਲਈ ਫੀਡ ਮਿੱਲ ਵੀ ਲਗਾਈ ਹੋਈ ਹੈ, ਜਿਸ ਵਿੱਚ ਫਲੋਟਿੰਗ ਫੀਡ, ਸਿਕਿੰਗ ਫੀਡ ਅਤੇ ਪਾਊਡਰ ਫੀਡ ਬਹੁਤ ਹੀ ਵਾਜਬ ਰੇਟਾਂ ‘ਤੇ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਂਦੀ ਹੈ ।