ਧਰੁਵ ਰਾਠੀ ਵਿਰੁੱਧ ਮਹਾਂਰਾਸ਼ਟਰ ਪੁਲਸ ਨੇ ਕੀਤੀ ਐੱਫ਼. ਆਈ. ਆਰ. ਦਰਜ

ਧਰੁਵ ਰਾਠੀ ਵਿਰੁੱਧ ਮਹਾਂਰਾਸ਼ਟਰ ਪੁਲਸ ਨੇ ਕੀਤੀ ਐੱਫ਼. ਆਈ. ਆਰ. ਦਰਜ
ਮੁੰਬਈ, 13 ਜੁਲਾਈ : ਭਾਰਤ ਦੇ ਮਹਾਰਾਸ਼ਟਰ ਸੂਬੇ ਦੀ ਸਾਈਬਰ ਸੈਲ ਪੁਲਸ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਬਾਰੇ ਫ਼ਰਜ਼ੀ ਪੋਸਟ ਸਾਂਝੀ ਕਰਨ ‘ਤੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਵਿਰੁੱਧ ਐਫ਼. ਆਈ. ਆਰ. ਦਰਜ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਧਰੁਵ ਰਾਠੀ ਨਾਮ ਦੇ ‘ਐਕਸ’ ਖਾਤੇ ‘ਤੇ ਦਾਅਵਾ ਕੀਤਾ ਗਿਆ ਸੀ ਕਿ ਓਮ ਬਿਰਲਾ ਦੀ ਧੀ ਨੇ ਯੂ. ਪੀ. ਐੱਸ. ਸੀ. ਦਾ ਪੇਪਰ ਬਿਨਾਂ ਪ੍ਰੀਖਿਆ ਵਿਚ ਬੈਠੇ ਹੀ ਪਾਸ ਕਰ ਲਿਆ ਹੈ। ਦਾਅਵਾ ਕਰਨ ਵਾਲੇ ਖਾਤੇ ਦੀ ਪ੍ਰੋਫਾਈਲ ਵਿਚ ਲਿਖਿਆ ਹੈ ਕਿ ਇਹ ਪੈਰੋਡੀ ਖਾਤਾ ਹੈ ਅਤੇ ਇਹ ਧਰੁਵ ਰਾਠੀ ਦੇ ਅਸਲ ਖਾਤੇ ਨਾਲ ਸਬੰਧਤ ਨਹੀਂ ਹੈ। ਸ੍ਰੀ ਬਿਰਲਾ ਦੇ ਇਕ ਰਿਸ਼ਤੇਦਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।ਕਥਿਤ ਫਰਜ਼ੀ ਸੰਦੇਸ਼ ਇੱਕ ਪ੍ਰਸ਼ੰਸਕ ਵੱਲੋਂ ਬਣਾਏ (ਪੈਰੋਡੀ) ਖਾਤੇ ਦੁਆਰਾ ਪੋਸਟ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਸਬੰਧ ਵਿਚ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਧਰ ਇਸੇ ਖਾਤੇ ‘ਤੇ ਸ਼ਨੀਵਾਰ ਨੂੰ ਇੱਕ ਹੋਰ ਟਵੀਟ ਪੋਸਟ ਕੀਤਾ ਗਿਆ ਜਿਸ ਵਿਚ ਲਿਖਿਆ ਸੀ ਕਿ ਅੰਜਲੀ ਬਿਰਲਾ ਨਾਲ ਸਬੰਧਤ ਆਪਣੀਆਂ ਸਾਰੀਆਂ ਪੋਸਟਾਂ ਅਤੇ ਟਿੱਪਣੀਆਂ ਨੂੰ ਡੀਲੀਟ ਕਰ ਦਿੱਤਾ ਹੈ, ਮੈਂ ਮੁਆਫੀ ਮੰਗਦਾ ਹਾਂ ਕਿਉਂਕਿ ਮੈਂ ਤੱਥਾਂ ਬਾਰੇ ਅਣਜਾਣ ਸੀ ਅਤੇ ਕਿਸੇ ਹੋਰ ਦੇ ਟਵੀਟ ਦੀ ਨਕਲ ਕੀਤੀ ਅਤੇ ਇਸਨੂੰ ਸਾਂਝਾ ਕੀਤਾ।
