ਮਾਣਹਾਨੀ ਮਾਮਲੇ `ਚ ਬਿਕਰਮ ਮਜੀਠੀਆ ਕੋਰਟ ਵਿਚ ਹੋਏ ਪੇਸ਼

ਦੁਆਰਾ: Punjab Bani ਪ੍ਰਕਾਸ਼ਿਤ :Thursday, 18 July, 2024, 07:45 PM

ਮਾਣਹਾਨੀ ਮਾਮਲੇ `ਚ ਬਿਕਰਮ ਮਜੀਠੀਆ ਕੋਰਟ ਵਿਚ ਹੋਏ ਪੇਸ਼
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਮਾਮਲੇ `ਚ ਵੀਰਵਾਰ ਨੂੰ ਅਦਾਲਤ `ਚ ਪੇਸ਼ ਹੋਏ। ਹੁਣ ਇਸ ਮਾਮਲੇ ਦੀ ਅਗਲੀ ਤਰੀਕ 17 ਅਗਸਤ ਹੈ। ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਫ਼ੋਨ ਟੈਪ ਕਰਵਾ ਰਹੀ ਹੈ। ਉਨ੍ਹਾਂ `ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਦੋਂ ਘਰ ਤੋਂ ਬਾਹਰ ਜਾਂਦੇ ਹਨ ਅਤੇ ਕਦੋਂ ਘਰ ਦੇ ਅੰਦਰ ਜਾਂਦੇ ਹਨ। ਉਨ੍ਹਾਂ ਦੇ ਘਰ ਕੌਣ-ਕੌਣ ਆਉਂਦਾ-ਜਾਂਦਾ ਹੈ, ਇਸ ਦੀ ਸੂਚਨਾ `ਤੇ ਵੀ ਸਰਕਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸਆਈਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਚੱਲਦੀ ਹੈ ਕਿਉਂਕਿ ਮੁੱਖ ਮੰਤਰੀ ਗ੍ਰਹਿ ਮੰਤਰੀ ਹਨ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ ਹੀ ਕਰਨੇ ਹੁੰਦੇ ਹਨ। ਨਸ਼ਿਆਂ ਦੇ ਮਾਮਲਿਆਂ ਵਿਚ ਹੁਣ ਤੱਕ ਕਈ ਐਸਆਈਟੀ ਬਦਲੀ ਜਾ ਚੁੱਕੀ ਹੈ, ਜਿਨ੍ਹ੍ਹਾਂ ਅਧਿਕਾਰੀਆਂ ਨੂੰ ਐੱਸਆਈਟੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪਹਿਲਾਂ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੇ ਮਾਮਲੇ ਵਿਚ ਡੀਜੀਪੀ ਪੱਧਰ ਤੋਂ ਡੀਆਈਜੀ ਪੱਧਰ ਤੱਕ ਐਸਆਈਟੀ ਬਣਾਈ ਗਈ ਸੀ, ਪਰ ਹੁਣ ਇਹ ਇੰਸਪੈਕਟਰ ਪੱਧਰ ਤੱਕ ਡਿੱਗ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਇੰਟਰਵਿਊ ਅਖਬਾਰ ਵਿਚ ਛਪੀ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਨਸ਼ਿਆਂ ਦੇ ਮਾਮਲਿਆਂ ਵਿਚ ਚਲਾਨ ਜ਼ਰੂਰ ਪੇਸ਼ ਕਰਨਗੇ। ਹੁਣ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਨੇ ਚਲਾਨ ਪੇਸ਼ ਕਰਨਾ ਹੈ ਜਾਂ ਐੱਸਆਈਟੀ ਨੇ ਪੇਸ਼ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਇਸ ਕੇਸ ਨੂੰ ਰੀ-ਰਾਈਟ ਕਰ ਰਹੇ ਹਨ, ਜੋ ਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 18 ਜੁਲਾਈ ਨੂੰ ਐਸਆਈਟੀ ਨੇ ਉਨ੍ਹਾਂ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ, ਜਦਕਿ ਇਸ ਤਰੀਕ ਨੂੰ ਉਨ੍ਹਾਂ ਦੀ ਮਾਣਹਾਨੀ ਦੇ ਕੇਸ ਵਿਚ ਤਰੀਕ ਸੀ। ਇਸ ਮਾਮਲੇ ਵਿਚ ਅੱਜ ਉਨ੍ਹਾਂ ਦੀ ਪੇਸ਼ੀ ਸੀ, ਇਹ ਸਾਰਾ ਪੰਜਾਬ ਜਾਣਦਾ ਹੈ। ਉਨ੍ਹਾਂ ਦੱਸਿਆ ਕਿ 6 ਜੁਲਾਈ ਨੂੰ ਰਾਜ ਸਭਾ ਮੈਂਬਰ ਸੰਜੇ ਸਿੰਘ ਇਸ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਏ ਸਨ। ਇਸ ਦੀ ਖ਼ਬਰ ਅਖ਼ਬਾਰਾਂ ਅਤੇ ਚੈਨਲਾਂ ਵਿਚ ਚੱਲੀ ਅਤੇ ਸਾਫ਼-ਸਾਫ਼ ਲਿਖਿਆ ਗਿਆ ਕਿ ਅਗਲੀ ਤਰੀਕ 18 ਜੁਲਾਈ ਹੈ, ਕੀ ਉਨ੍ਹਾਂ ਨੂੰ ਐਸਆਈਟੀ ਨੂੰ ਇਹ ਨਹੀਂ ਦੱਸਣਾ ਚਾਹੀਦਾ ਸੀ ਕਿ ਅੱਜ ਉਨ੍ਹਾਂ ਦੇ ਮਾਣਹਾਨੀ ਕੇਸ ਦੀ ਤਰੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਐਸਆਈਟੀ ਰਾਹੀਂ ਸੰਮਨ ਭੇਜੇ ਸਨ, ਤਾਂ ਜੋ ਉਹ ਚੰਡੀਗੜ੍ਹ ਚਲੇ ਜਾਣ ਅਤੇ ਮਾਣਹਾਨੀ ਦੇ ਕੇਸ ਵਿਚ ਪੇਸ਼ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਉਹ ਵੀ ਇੰਨੇ ਨਾਸਮਝ ਨਹੀਂ ਹਨ। ਉਨ੍ਹਾਂ ਕੋਲ ਇਕ ਸੂਝਵਾਨ ਵਕੀਲ ਵੀ ਹੈ ਅਤੇ ਉਹ ਉਨ੍ਹਾਂ ਤੋਂ ਸਲਾਹ ਲੈ ਕੇ ਪੇਸ਼ ਹੋਣ ਲਈ ਆਏ ਹਨ। ਵਕੀਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਕੇਸ ਵਿਚ ਪੇਸ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਐਸਆਈਟੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਕੋਲ ਅੰਮ੍ਰਿਤਸਰ ਅਦਾਲਤ ਵਿਚ ਮਾਣਹਾਨੀ ਦੇ ਕੇਸ ਦੀ ਤਰੀਕ ਹੈ ਅਤੇ ਉਹ ਉਥੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਐਸਆਈਟੀ ਢਾਈ ਸਾਲਾਂ ਤੋਂ ਉਨ੍ਹਾਂ ਦਾ ਚਲਾਨ ਪੇਸ਼ ਨਹੀਂ ਕਰ ਰਹੀ ਹੈ। ਪੰਜ-ਛੇ ਐਸਆਈਟੀ ਬਦਲੀਆਂ ਗਈਆਂ, ਇਹ ਸਭ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸੁਪਰੀਮ ਕੋਰਟ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ ਅਤੇ ਉਥੇ ਉਹ ਆਪਣਾ ਕੇਸ ਲੜ ਰਹੇ ਹਨ।