ਸਿਹਤ ਵਿਭਾਗ ਦੀ ਟੀਮ ਵੱਲੋਂ ਕੋਹਰੀਆਂ ਰੋਡ 'ਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਅਚਨਚੇਤ ਛਾਪਾਮਾਰੀ

ਸਿਹਤ ਵਿਭਾਗ ਦੀ ਟੀਮ ਵੱਲੋਂ ਕੋਹਰੀਆਂ ਰੋਡ ‘ਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਅਚਨਚੇਤ ਛਾਪਾਮਾਰੀ
278 ਟੀਮ ਰਿਫਾਇੰਡ, ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ, ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਕੀਤੇ ਸੈਂਪਲ
ਜ਼ਿਲਾ ਸਿਹਤ ਅਫਸਰ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਮਾਰਿਆ ਛਾਪਾ
ਦਿੜਬਾ/ਸੰਗਰੂਰ, 17 ਜੁਲਾਈ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖਾਣ ਪੀਣ ਦੀਆਂ ਵਸਤਾਂ ਵਿੱਚ ਮੁਕੰਮਲ ਤੌਰ ਤੇ ਮਿਲਾਵਟਖੋਰੀ ਨੂੰ ਰੋਕਣ ਦੇ ਦਿੱਤੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਕੋਹਰੀਆਂ ਰੋਡ ਉੱਤੇ ਸਥਿਤ ਇੱਕ ਆਈਸ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ ਮੌਕੇ ਉੱਤੇ ਹੀ ਭਾਰੀ ਮਾਤਰਾ ਵਿੱਚ ਰਿਫਾਇੰਡ ਅਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਰਾਮਦ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਹਤ ਅਫਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਇਲਾਕੇ ਵਿੱਚੋਂ ਕਾਫੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਅਤੇ ਠੋਸ ਸੂਚਨਾ ਦੇ ਆਧਾਰ ਉੱਤੇ ਅੱਜ ਇਸ ਆਈਸ ਫੈਕਟਰੀ ਨੂੰ ਖੁਲਵਾਇਆ ਗਿਆ ਤਾਂ ਇਸ ਵਿੱਚੋਂ 278 ਟੀਨ ਰਿਫਾਇਡ, 70 ਖਾਲੀ ਟੀਨ, 13 ਪੈਕਟ ਸਕਿਮਡ ਮਿਲਕ ਪਾਊਡਰ ਅਤੇ ਦੁੱਧ ਤਿਆਰ ਕਰਨ ਲਈ ਵਰਤੇ ਜਾਂਦੇ ਸੌਰਬੀਟੋਲ ਨਾਮ ਦੇ ਪਦਾਰਥ ਨੂੰ ਕਰੀਬ 100 ਲੀਟਰ ਮਾਤਰਾ ਵਿੱਚ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਪਦਾਰਥ ਸਿੰਗਲਾ ਮਿਲਕ ਸੈਂਟਰ, ਗਾਮੜੀ ਰੋਡ ਦਿੜਬਾ ਵਿਖੇ ਤਿਆਰ ਹੋ ਰਹੇ ਸਨ ਅਤੇ ਹਰੀ ਓਮ ਆਈਸ ਫੈਕਟਰੀ ਵਿੱਚ ਇਹਨਾਂ ਦਾ ਭੰਡਾਰ ਕੀਤਾ ਜਾ ਰਿਹਾ ਸੀ । ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇਹਨਾਂ ਸਾਰੇ ਪਦਾਰਥਾਂ ਦੇ ਨਮੂਨੇ ਇਕੱਤਰ ਕਰ ਲਏ ਹਨ ਜੋ ਕਿ ਜਾਂਚ ਲਈ ਖਰੜ ਲੈਬ ਵਿਖੇ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਲੈਣ ਤੋਂ ਬਾਅਦ ਇਸ ਆਈਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ।
