ਭਗਤ ਸਿੰਘ ਕਾਲੋਨੀ ਵਿਚੋਂ ਹੋਏ ਵੱਖ ਵੱਖ ਘਰਾਂ ਦੇ ਨਾਬਾਲਗ ਬੱਚੇ ਲਾਪਤਾ

ਭਗਤ ਸਿੰਘ ਕਾਲੋਨੀ ਵਿਚੋਂ ਹੋਏ ਵੱਖ ਵੱਖ ਘਰਾਂ ਦੇ ਨਾਬਾਲਗ ਬੱਚੇ ਲਾਪਤਾ
ਡੇਰਾਬਸੀ, 9 ਜੁਲਾਈ : ਪਿਛਲੇ 36 ਘੰਟਿਆਂ ਤੋਂ ਡੇਰਾਬਸੀ ਬਰਵਾਲਾ ਰੋਡ ਨਾਲ ਲੱਗਦੀ ਭਗਤ ਸਿੰਘ ਕਲੋਨੀ ’ਚੋਂ ਵੱਖ-ਵੱਖ ਘਰਾਂ ਦੇ 7 ਨਾਬਾਲਗ ਬੱਚੇ ਲਾਪਤਾ ਹਨ। ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ ’ਚ ਖੇਡਣ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਦੁਪਹਿਰ 12 ਵਜੇ ਭਗਤ ਸਿੰਘ ਕਲੋਨੀ ਦੀਆਂ ਵੱਖ-ਵੱਖ ਗਲੀਆਂ ’ਚ ਰਹਿਣ ਵਾਲੇ 5 ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਤੇ ਵਾਪਸ ਨਹੀਂ ਪਰਤੇ। ਐਤਵਾਰ ਛੁੱਟੀ ਹੋਣ ਕਾਰਨ ਬੱਚੇ ਖੇਡ ਰਹੇ ਸਨ, ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ। ਲਾਪਤਾ ਬੱਚੇ ਇਕ ਦੂਜੇ ਨੂੰ ਜਾਣਦੇ ਹਨ ਤੇ ਇਕੱਠੇ ਸਕੂਲ ਜਾਂਦੇ ਹਨ। ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਤੇ ਦਸਵੀਂ ਜਮਾਤ ’ਚ ਪੜ੍ਹਦਾ ਹੈ। ਜਦੋਂ ਮਾਪਿਆਂ ਨੂੰ ਬੱਚੇ ਦੀ ਭਾਲ ਕਰਨ “ਤੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਦੇ ਇਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਦਿੱਤੀ ਸਿਕਿਾਇਤ ਤੋਂ ਬਾਅਦ ਪੁਲਸ ਨੇ ਇਲਾਕੇ ਦੀ ਨਾਕਾਬੰਦੀ ਕਰ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
