ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਕੀਤਾ ਪੰਜਾਬ ਸਰਕਾਰ ਦਾ ਪਿਟ ਸਿਆਪਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 11 July, 2024, 06:36 PM

ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਕੀਤਾ ਪੰਜਾਬ ਸਰਕਾਰ ਦਾ ਪਿਟ ਸਿਆਪਾ
ਭਵਾਨੀਗੜ੍ਹ : ਪਾਵਰਕਮ ਸਬ ਡਵੀਜ਼ਨ ਭਵਾਨੀਗੜ੍ਹ ਦੇ ਸਹਾਇਕ ਲਾਇਨਮੈਨ ਕਮਲਜੀਤ ਸਿੰਘ ਦੀ ਬੁੱਧਵਾਰ ਨੂੰ ਕਰੰਟ ਲੱਗਣ ਨਾਲ ਹੋਈ ਮੌਤ ਮਗਰੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਸੂਬੇ ਭਰ ਦੀਆਂ ਬਿਜਲੀ ਬੋਰਡ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸਥਾਨਕ ਪਾਵਰਕਾਮ ਦੇ ਦਫ਼ਤਰ ਅੱਗੇ `ਸੱਥਰ` ਵਿਛਾ ਕੇ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਮ੍ਰਿਤਕ ਸਾਥੀ ਕਮਲਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਤੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਵੀਰਵਾਰ ਸਵੇਰੇ ਪ੍ਰਦਰਸ਼ਨ ਦੌਰਾਨ ਮੰਚ ਤੋਂ ਬੋਲਦਿਆਂ ਆਗੂਆਂ ਨੇ ਸਾਂਝੇ ਤੌਰ `ਤੇ ਐਲਾਨ ਕੀਤਾ ਕਿ ਸਾਥੀ ਕਮਲਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਸਬੰਧੀ ਫਿਲਹਾਲ ਇਹ ਇੱਕ ਸੰਕੇਤਕ ਤੌਰ `ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇਕਰ ਦੁਪਹਿਰ ਤੱਕ ਪਾਵਰਕਾਮ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਤਾਂ ਅਜਿਹੇ ਵਿੱਚ ਜਥੇਬੰਦੀਆਂ ਨੂੰ ਹਾਈਵੇਅ `ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰਨ ਲਈ ਮਜਬੂਰ ਹੋਣਾ ਪਵੇਗਾ।