ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰ ਨਤਮਸਤਕ

ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰ ਨਤਮਸਤਕ
ਸੰਗਤਾਂ ਨੇ ਕੀਤਾ ਪਵਿੱਤਰ ਸਰੋਵਰ ’ਚ ਇਸ਼ਨਾਨ, ਢਾਡੀ ਕਵੀਸ਼ਰੀ ਜਥਿਆਂ ਨੇ ਸੁਣਾਇਆ ਗੁਰ ਇਤਿਹਾਸ
ਅਜੌਕੀ ਪੀੜ੍ਹੀ ਗੁਰਮਤਿ ਸੱਭਿਆਚਾਰ ਅਤੇ ਗੁਰ ਸਿਧਾਂਤ ਦੀ ਧਾਰਨੀ ਬਣੇ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪਟਿਆਲਾ 11 ਜੁਲਾਈ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਕਵਾੜ੍ਹ ਖੁੱਲ੍ਹਣ ਮਗਰੋਂ ਸੰਗਤਾਂ ਨੇ ਗੁਰੂ ਦਰਬਾਰ ’ਚ ਸੀਸ ਨਿਵਾਇਆ ਅਤੇ ਸ਼ਬਦ ਗੁਰੂ ਨਾਲ ਸਾਂਝ ਪਾਉਂਦਿਆਂ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸੰਗਤਾਂ ਨੂੰ ਕਥਾ ਰਾਹੀਂ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਸਰਵਣ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਆਯੋਜਿਤ ਧਾਰਮਕ ਸਮਾਗਮ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਵ ਨਿਯੁਕਤ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਸਮੇਤ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ ਗਿਆ। ਧਾਰਮਕ ਸਮਾਗਮ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਜੌਕੀ ਪੀੜ੍ਹੀ ਨੂੰ ਜਿਥੇ ਆਪਣੀ ਗੁਰਮਤਿ ਸੱਭਿਆਚਾਰ ਅਤੇ ਸਿਧਾਂਤ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਸਮੁੱਚੀ ਮਾਨਵਤਾ ਦੇ ਅਧਿਆਤਮਕ ਗੁਰੂ ਹਨ, ਜਿਥੋਂ ਸਮੁੱਚੀ ਲੋਕਾਈ ਸੇਧ ਲੈ ਰਹੀ ਹੈ। ਸਾਬਕਾ ਪ੍ਰਧਾਨ ਨੇ ਕੇਂਦਰ ਸਰਕਾਰ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਕਾਨੂੰਨ ਕੀ ਘੱਟ ਗਿਣਤੀਆਂ ਨੂੰ ਦਬਾਉਣ ਲਈ ਲਿਆਂਦੇ ਗਏ, ਜਦਕਿ ਲੋਕਤੰਤਰ ਰਾਜ ਵਿਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਪ੍ਰੰਤੂ ਅਜਿਹੇ ਨਵੇਂ ਕਾਨੂੰਨਾਂ ਨਾ ਧੱਕੇ ਦਾ ਖਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਰਪੱਖਤਾ ਅਤੇ ਬਗੈਰ ਪੱਖਪਾਤ ਤੋਂ ਅਜਿਹੇ ਕਾਨੂੰਨਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਸੰਵਿਧਾਨ, ਅਦਾਲਤਾਂ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਲੋਕਾਂ ਦਾ ਭਰੋਸਾ ਵਧੇਰੇ ਕਾਇਮ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਸੁਪਰਵਾਈਜ਼ਰ ਜੋਗਾ ਸਿੰਘ, ਮਨਦੀਪ ਸਿੰਘ ਭਲਵਾਨ, ਜੋਗਿੰਦਰ ਸਿੰਘ ਪੰਛੀ, ਹਰਵਿੰਦਰ ਸਿੰਘ ਕਾਹਲਵਾਂ, ਭਾਈ ਹਜੂਰ ਸਿੰਘ, ਪ੍ਰਚਾਰਕ ਭਾਈ ਪਰਵਿੰਦਰ ਸਿੰਘ ਰਿਉਂਦ, ਅਵਤਾਰ ਸਿੰਘ ਬੱਲੋਪੁਰ, ਪਰਵਿੰਦਰ ਸਿੰਘ ਬਰਾੜਾ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
ਫੋਟੋ : ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਨਵ ਨਿਯੁਕਤ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੂੰ ਸਿਰੋਪਾਓ ਬਖਸ਼ਿਸ ਕਰਦੇ ਹੋਏ।
ਫੋਟੋ : ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੀਆਂ ਸੰਗਤਾਂ।
