ਵਿਦਿਆਰਥੀਆਂ ਕੀਤਾ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਵਿਦਿਆਰਥੀਆਂ ਕੀਤਾ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਚੰਡੀਗੜ੍ਹ, : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖਾਣੇ ਦੇ ਵਧੇ ਹੋਏ ਰੇਟ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਅਥਾਰਿਟੀ ਨੇ ਮਹਿੰਗਾਈ ਦੀ ਦੁਹਾਈ ਦੇ ਕੇ ਇਸ ਨਵੇਂ ਵਿਦਿਅਕ ਸੈਸ਼ਨ 2024-25 ਦੇ ਲਈ ਕੈਂਪਸ ਸਥਿਤ ਲੜਕੇ ਅਤੇ ਲੜਕੀਆਂ ਦੇ ਸਾਰੇ ਹੋਸਟਲਾਂ ਦੀਆਂ ਸਾਰੀਆਂ ਮੈੱਸਾਂ ਵਿੱਚ ਖਾਣੇ ਦੇ ਰੇਟ ਵਧਾ ਕੇ ਵਿਦਿਆਰਥੀਆਂ ਦੀਆਂ ਜੇਬਾਂ ਉਤੇ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 35 ਰੁਪਏ ਵਾਲਾ ਸਾਦਾ ਖਾਣਾ ਵਧਾ ਕੇ ਲੜਕਿਆਂ ਦੇ ਹੋਸਟਲਾਂ ਵਿੱਚ 46.25 ਰੁਪਏ ਅਤੇ ਲੜਕੀਆਂ ਦੇ ਹੋਸਟਲਾਂ ਵਿੱਚ 44.50 ਰੁਪਏ ਕਰ ਦਿੱਤਾ ਹੈ, ਜਦੋਂਕਿ ਸਪੈਸ਼ਲ ਡਾਈਟ ਦਾ ਰੇਟ 51 ਰੁਪਏ ਕਰ ਦਿੱਤਾ ਹੈ, ਜੋ ਕਿ ਸਿੱਧੇ ਰੂਪ ਵਿੱਚ ਵਿਦਿਆਰਥੀਆਂ ਦੀ ਲੁੱਟ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਹੋਸਟਲਾਂ ਦੀਆਂ ਮੈੱਸਾਂ ਵਿੱਚ ਖਾਣੇ ਦੀ ਗੁਣਵੱਤਾ ਘਟਾਈ ਜਾ ਰਹੀ ਹੈ, ਜਦੋਂਕਿ ਰੇਟ ਵਧਾਏ ਜਾ ਰਹੇ ਹਨ। ਅਜਿਹਾ ਕਰ ਕੇ ਅਥਾਰਿਟੀ ਠੇਕੇਦਾਰਾਂ ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ’ਵਰਸਿਟੀ ਦੀ ਅਥਾਰਿਟੀ ਹਰ ਸਾਲ ਫੀਸਾਂ ਦੇ ਰੇਟ ਅਤੇ ਖਾਣੇ ਦੇ ਰੇਟ ਵਧਾ ਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨਾ ਚਾਹੁੰਦੀ ਹੈ, ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਅਥਾਰਿਟੀ ਸਰਕਾਰਾਂ ਤੋਂ ਫੰਡ ਲੈ ਕੇ ਪ੍ਰਬੰਧ ਚਲਾਵੇ ਅਤੇ ਰੇਟਾਂ/ਫੀਸਾਂ ਵਿੱਚ ਵਾਧੇ ਕਰ-ਕਰ ਕੇ ਵਿਦਿਆਰਥੀਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ।
