ਕਾਰ ਚਾਲਕ ਮਹਿਲਾ ਨੇ ਸਕੂਲ ਵੈਲ ਵਿਚ ਚੜ੍ਹ ਕੇ ਪਿਸਤੌਲ ਨਾਲ ਪਾਇਆ ਭੜਥੂ

ਕਾਰ ਚਾਲਕ ਮਹਿਲਾ ਨੇ ਸਕੂਲ ਵੈਲ ਵਿਚ ਚੜ੍ਹ ਕੇ ਪਿਸਤੌਲ ਨਾਲ ਪਾਇਆ ਭੜਥੂ
ਸਮਰਾਲਾ : ਪੰਜਾਬ ਦੇ ਸ਼ਹਿਰ ਸਮਰਾਲਾ ਵਿਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਇਕ ਕਾਰ ਚਾਲਕ ਮਹਿਲਾ ਸਕੂਲ ਵੈਨ ਵਿਚ ਚੜ੍ਹ ਗਈ ਤੇ ਪਿਸਤੌਲ ਨਾਲ ਦਹਿਸ਼ਤ ਫੈਲਾਉਣ ਲੱਗੀ। ਪੁਲਸ ਨੇ ਅਜਿਹਾ ਹੋਣ ਤੇ ਔਰਤ ਦੀ ਭਾਲ ਕਰਨ ਦੇ ਨਾਲ ਨਾਲ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਉਕਤ ਸਮੁੱਚੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗਾਰਡਨ ਵੈਲੀ ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਤੇ ਪਰਮਿੰਦਰ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਸਕੂਲ ਵੈਨ ’ਚ ਚੜ੍ਹਨ ਵਾਲੀ ਔਰਤ ਫਾਰਚੀਊਨਰ ਗੱਡੀ ’ਚ ਸਵਾਰ ਸੀ। ਥਾਣਾ ਮੁਖੀ ਡੀ. ਪੀ. ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀਆਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਿਸੇ ਵੀ ਅਨਸਰ ਨੂੰ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ’ਤੇ ਮੁਆਫ਼ ਨਹੀਂ ਕੀਤਾ ਜਾਵੇਗਾ।
ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੀ ਫਾਰਚੀਊਨਰ ਚਾਲਕ ਪਿਸਤੌਲ ਵਾਲੀ ਔਰਤ ਨੂੰ ਸਮਰਾਲਾ ਪੁਲਸ ਵੱਲੋਂ ਆਖ਼ਰਕਾਰ ਟਰੇਸ ਕਰ ਲਏ ਜਾਣ ਦਾ ਪਤਾ ਲੱਗਿਆ ਹੈ। ਭਾਵੇਂ ਕਿ ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ ਇਹ ਔਰਤ ਆਸਟ੍ਰੇਲੀਆ ਦੀ ਪੀ. ਆਰ. ਦੱਸੀ ਜਾ ਰਹੀ ਹੈ, ਜੋ ਲੁਧਿਆਣਾ ’ਚ ਆਪਣੇ ਘਰ ਛੁੱਟੀ ਕੱਟਣ ਆਈ ਹੋਈ ਹੈ। ਪੁਲਸ ਵੱਲੋਂ ਛਾਪੇਮਾਰੀ ਕਰਦਿਆਂ ਉਸ ਨੂੰ ਤੇਜ਼ੀ ਨਾਲ ਤਲਾਸ਼ਿਆ ਜਾ ਰਿਹਾ ਹੈ।
