ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ ਨੂੰ ਮੁੜ ਐੱਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 10 July, 2024, 08:01 PM

ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ ਨੂੰ ਮੁੜ ਐੱਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ
ਚੰਡੀਗੜ੍ਹ : ਡਰੱਗ ਮਾਮਲੇ ’ਚ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ ਨੂੰ ਮੁੜ ਐੱਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਐੱਸਆਈਟੀ ਵੱਲੋ ਜਾਰੀ ਸੰਮਨ ਵਿਚ ਮਜੀਠੀਆ ਨੂੰ ਸਵੇਰੇ ਦਸ ਵਜੇ ਏਐੱਮਏ ਕਾਨਫਰੰਸ ਹਾਲ ਪੁਲਿਸ ਲਾਈਨ ਪਟਿਆਲਾ ਵਿਖੇ ਪੁਛਗਿੱਛ ਲਈ ਪੁੱਜਣ ਦੀ ਹਦਾਇਤ ਕੀਤੀ ਹੈ । ਦਿਲਚਸਪ ਗੱਲ ਹੈ ਕਿ ਬੀਤੇ ਸੋਮਵਾਰ ਨੂੰ ਸਟੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੰਮਨ ਵਾਪਸ ਲਿਆ ਸੀ। ਸਿਟ ਦੁਆਰਾ ਸੰਮਨ ਵਾਪਸ ਲੈਣ ਨਾਲ ਸਿਆਸੀ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ ਸੀ ਕਿ ਡਰੱਗ ਮਾਮਲੇ ਵਿਚ ਜਾਂਚ ਦਾ ਹੁਣ ਭੋਗ ਪੈ ਗਿਆ ਹੈ, ਪਰ ਹੁਣ ਦੁਬਾਰਾ 18 ਜੁਲਾਈ ਲਈ ਸੰਮਨ ਜਾਰੀ ਕੀਤੇ ਜਾਣ ਨਾਲ ਅਕਾਲੀ ਦਲ ਤੇ ਅਕਾਲੀ ਨੇਤਾ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ । ਉਧਰ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਐੱਸਆਈਟੀ ਦੁਆਰਾ ਮੁੜ ਸੰਮਨ ਜਾਰੀ ਕਰਨ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿਚ ਤਿੰਨ ਤਾਰੀਖਾਂ ਦੌਰਾਨ ਸਿੱਟ ਕੋਈ ਸਾਬੂਤ ਪੇਸ਼ ਨਹੀਂ ਕਰ ਸਕੀ ਅਤੇ ਸੰਮਨ ਵਾਪਸ ਲੈ ਲਿਆ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਲ ਇਕ ਪਾਸੇ ਲਾਉਣ ਲਈ ਖੁਦ ਬਿਕਰਮ ਸਿੰਘ ਮਜੀਠੀਆ ਕੋਲੋ ਪੁੱਛਗਿਛ ਕਰਨ ਦੀ ਸਲਾਹ ਦਿੱਤੀ ਹੈ। ਕਲੇਰ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੋ ਉਹ ਚਾਹੁੰਦੇ ਹਨ ਉਹ ਕਾਨੂੰਨ ਤੇ ਸੰਵਿਧਾਨ ਕਰਨ ਨਹੀਂ ਦਿੰਦਾ। ਉਨ੍ਹਾਂ ਅਫਸਰਸ਼ਾਹੀ ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕੀਤੀ ਹੈ।