ਪੈਰਿਸ ਲਈ ਮੁੱਖ ਮੰਤਰੀ ਮਾਨ ਤੇ ਅਮਰੀਕਾ ਲਈ ਸਪੀਕਰ ਸੰਧਵਾ ਨੂੰ ਨਹੀਂ ਮਿਲੀ ਵਿਦੇਸ਼ ਯਾਤਰਾ ਲਈ ਮਨਜ਼ੂਰੀ

ਪੈਰਿਸ ਲਈ ਮੁੱਖ ਮੰਤਰੀ ਮਾਨ ਤੇ ਅਮਰੀਕਾ ਲਈ ਸਪੀਕਰ ਸੰਧਵਾ ਨੂੰ ਨਹੀਂ ਮਿਲੀ ਵਿਦੇਸ਼ ਯਾਤਰਾ ਲਈ ਮਨਜ਼ੂਰੀ
ਚੰਡੀਗੜ੍ਹ, 3 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਵਲੋਂ ਭਾਰਤੀ ਹਾਕੀ ਟੀਮ ਦੀ ਹੌਂਸਲਾ ਅਫਜਾਈ ਲਈ ਕੇਂਦਰ ਸਰਕਾਰ ਨੂੰ ਪੈਰਿਸ ਜਾਣ ਲਈ ਮਨਜ਼ੂਰੀ ਮੰਗੀ ਗਈ ਸੀ ਨੂੰ ਜਿਥੇ ਇਹ ਮਨਜ਼ੂਰੀ ਸੁਰੱਖਿਆ ਦਾ ਹਵਾਲਾ ਦਿੰਦਿਆ ਨਾ ਮਿਲ ਸਕੀ, ਉਥੇ ਆਮ ਆਦਮੀ ਪਾਰਟੀ ਦੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਵਲੋਂ ਅਮਰੀਕਾ ਜਾਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ ਗਈ ਸੀ ਨੂੰ ਵੀ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਅਮਰੀਕਾ ’ਚ ਨੈਸ਼ਨਲ ਲੈਜ਼ੀਸਿਲੇਟਰ ਕਾਨਫਰੰਸ ’ਚ ਉਨ੍ਹਾਂ ਨੇ ਹਿੱਸਾ ਲੈਣਾ ਸੀ ਅਤੇ ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤ ਤੋਂ 50 ਤੋਂ ਜਿਆਦਾ ਵਿਧਾਇਕ ਅਤੇ ਸਪੀਕਰ ਇਸ ਕਾਨਫਰੰਸ ’ਚ ਜਾ ਰਹੇ ਸਨ। ਪਰ ਪੰਜਾਬ ਇਸ ਕਾਨਫਰੰਸ ’ਚ ਸ਼ਾਮਲ ਨਹੀਂ ਹੋ ਪਾਵੇਗਾ। ਅਮਰੀਕਾ ’ਚ ਹੋਣ ਵਾਲੀ ਕਾਨਫਰੰਸ 4 ਤੋਂ 7 ਅਗਸਤ ਤੱਕ ਹੋਣੀ ਹੈ। ਇਸ ਕਾਨਫਰੰਸ ’ਚ ਅਮਰੀਕਾ ਅਤੇ ਬਾਕੀ ਦੇਸ਼ਾਂ ਤੋਂ 5000 ਦੇ ਕਰੀਬ ਐਮਐਲਏ ਹਿੱਸਾ ਲੈ ਰਹੇ ਹਨ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਤੋਂ ਇਲਾਵਾ ਕੇਰਲ ਅਤੇ ਕਰਨਾਟਕ ਦੇ ਸਪੀਕਰ ਨੂੰ ਵੀ ਅਮਰੀਕਾ ਜਾਣ ਦਾ ਇਜ਼ਾਜਤ ਨਹੀਂ ਦਿੱਤੀ ਗਈ ਹੈ।
