ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਤੇਜਿੰਦਰ ਮਹਿਤਾ ਨਾਲ ਪ੍ਰਗਟਾਇਆ ਦੁੱਖ

ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਤੇਜਿੰਦਰ ਮਹਿਤਾ ਨਾਲ ਪ੍ਰਗਟਾਇਆ ਦੁੱਖ
-ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਡਾਇਰੈਕਟਰ ਦੀ ਮਾਤਾ ਜੀ ਦਾ ਪਿਛਲੇ ਦਿਨੀਂ ਹੋਇਆ ਸੀ ਦੇਹਾਂਤ
ਪਟਿਆਲਾ, 31 ਜੁਲਾਈ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਡਾਇਰੈਕਟਰ ਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਨਾਲ ਦੁੱਖ ਸਾਂਝਾ ਕੀਤਾ। ਤੇਜਿੰਦਰ ਮਹਿਤਾ ਦੀ ਮਾਤਾ ਭਗਵਾਨ ਦੇਵੀ ਜੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਚੇਤਨ ਸਿੰਘ ਜੌੜਾਮਾਜਰਾ ਦੇ ਨਾਲ ਹਲਕਾ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਹਲਕਾ ਵਿਧਾਇਕ ਸ਼ੁਤਰਾਣਾ ਕੁਲਵੰਤ ਸਿੰਘ ਵੀ ਮੌਜੂਦ ਸਨ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਆਪਣੇ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਮਹਿਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਂ ਦਾ ਜਹਾਨ ਤੋਂ ਤੁਰ ਜਾਣਾ ਪੁੱਤਰ ਲਈ ਅਸਹਿ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਇਸ ਦੁਨੀਆ ਤੋਂ ਹਰੇਕ ਨੇ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਭ ਮਹਿਤਾ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਪ੍ਰੇਮ ਕੁਮਾਰ, ਰਾਜੇਸ਼ ਕੁਮਾਰ, ਹੋਰ ਪਰਿਵਾਰਕ ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
