ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਗੁਰਮਤਿ ਸਮਾਗਮ

ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਗੁਰਮਤਿ ਸਮਾਗਮ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਵਿਸ਼ੇਸ਼ ਤੌਰ ਤੇ ਪੁਜੇ
ਅੰਮ੍ਰਿਤਸਰ:- 31 ਜੁਲਾਈ ( ) ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਬੀਬੀ ਗੁਰਚਰਨ ਕੌਰ ਦੀ ਅਗਵਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਨਾਲ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ। ਸਮੂਹ ਸੁਸਾਇਟੀਆਂ ਦੇ ਮੁਖੀ ਬੀਬੀਆਂ ਨੇ ਸੰਗਤੀ ਰੂਪ ‘ਚ ਸੁਖਮਨੀ ਸਾਹਿਬ ਦੇ ਪਾਠ ਜਾਪ ਕੀਤੇ ਅਤੇ ਬੀਬੀਆਂ ਨੇ ਧਾਰਣਾ ਨਾਲ ਗੁਰਮੰਤਰ, ਮੂਲਮੰਤਰ ਦੀ ਖੂਬ ਛਹਿਬਰ ਲਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਜਤਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਕ੍ਰਿਪਾਲ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸਮੁੱਚੀ ਸੰਗਤ ਨੂੰ ਵਿਸਮਾਦ ਧੁੰਨਾਂ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਸਮੁੱਚੀਆਂ ਸੁਸਾਇਟੀਆਂ ਦੀਆਂ ਬੀਬੀਆਂ ਤੇ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ ਅਤੇ ਕਿਹਾ ਕਿ ਸੰਗਤ ਵਿਚ ਗੁਰੂ ਦਾ ਵਾਸਾ ਹੈ ਸੰਗਤ ਹੀ ਗੁਰੂ ਹੈ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਵੱਲੋਂ ਸਾਜਿਆਂ ਬੁੱਢਾ ਦਲ ਨਿਰੰਤਰ ਮਰਯਾਦਾ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਆਪਣੇ ਵਚਿਤਰ ਨਿਹੰਗ ਬਾਣੇ ਵਾਲੇ ਸਰੂਪ ਵਿਚ ਸੰਸਾਰ ਅੰਦਰ ਵਿਚਰ ਰਿਹਾ ਹੈ। ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਨਿਹੰਗ ਸਿੰਘ ਦਲਾਂ ਨੇ ਆਪਣੇ ਸਥਾਨ ਛਾਉਣੀਆਂ ਸਥਾਪਤ ਕੀਤੀਆਂ ਤੇ ਕਰ ਰਹੇ ਹਨ। ਉਨ੍ਹਾਂ ਬੁੱਢਾ ਦਲ ਵੱਲੋਂ ਸੁਖਮਨੀ ਸੇਵਾ ਸੁਸਾਇਟੀਆਂ ਦੇ ਮੁਖੀ ਬੀਬੀਆਂ ਬੀਬੀ ਗੁਰਚਰਨ ਕੌਰ, ਬੀਬੀ ਤੇਜ ਕੌਰ, ਬੀਬੀ ਸੁਖਜੀਤ ਕੌਰ, ਬੀਬੀ ਹਰਪ੍ਰੀਤ ਕੌਰ ਅਤੇ ਹੋਰ ਸੁਸਾਇਟੀਆਂ ਦੀਆਂ ਮੁਖੀਆਂ ਨੂੰ ਸਿਰਪਾਓ ਬਖਸ਼ਿਸ਼ ਕਰਕੇ ਸਨਮਾਨਤ ਕੀਤਾ। ਇਸ ਮੌਕੇ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਆਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਸਮਾਗਮ ਸਮੇਂ ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ ਗ੍ਰੰਥੀ, ਬਾਬਾ ਗੁਰਲਾਲ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।
