ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਨੇ ਕੀਤੀ ਅਕਾਸ਼ ਗੂੰਜਾਓ ਨਾਅਰੇਬਾਜ਼ੀ
ਕਲਾਸਾਂ ਅਤੇ ਕੰਮਕਾਜ ਛੱਡ ਯੂਨੀਵਰਸਿਟੀ ‘ਚ ਕੱਢਿਆ ਰੋਸ਼ ਭਰਭੂਰ ਮਾਰਚ
– ਸਿਹਤ ਮੰਤਰੀ ਅਤੇ ਯੂਨੀਵਰਸਿਟੀ ਸੈਨੇਟ ਮੈਂਬਰ ਡਾ. ਬਲਵੀਰ ਸਿੰਘ ਦੇ ਘਰ ਦਾ ਕਰਨਗੇ ਘਿਰਾਓ
ਪਟਿਆਲਾ, 21 ਮਾਰਚ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿੱਚ ਗਰਾਂਟ ਘਟਾਉਣ ਦੇ ਮੁੱਦੇ ‘ਤੇ ਅੱਜ ਜਿੱਥੇ ਅਕਾਸ਼ ਗੂੰਜਾਓ ਨਾਅਰੇਬਾਜ਼ੀ ਕੀਤੀ ਗਈ, ਉੱਥੇ ਕਲਾਸਾਂ ਅਤੇ ਕੰਮ-ਕਾਜ ਛੱਡ ਕੇ ਯੂਨੀਵਰਸਿਟੀ ਵਿੱਚ ਰੋਹ ਭਰਭੂਰ ਮਾਰਚ ਕੱਢਿਆ ਗਿਆ।
ਇਸ ਮੌਕੇ ਅਮਨਦੀਪ ਸਿੰਘ ਖਿਉਵਾਲੀ ਵੱਲੋਂ ਕਿਹਾ ਗਿਆ ਕਿ 9 ਦਿਨ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੰਕਟ ਸੰਬੰਧੀ ਸਿਖਿਆ ਮੰਤਰੀ ਵੱਲੋਂ ਬਿਆਨ ਤੱਕ ਨਹੀਂ ਦਿੱਤਾ ਗਿਆ। ਹੁਣ ਮੋਰਚੇ ਵੱਲੋਂ ਤਿੱਖੇ ਐਕਸ਼ਨ ਕੀਤੇ ਜਾਣਗੇ। ਇਹ ਨਿਰੰਤਰ ਜਾਰੀ ਰਹਿਣਗੇ ਅਤੇ ਇਸਦੀ ਜਿੰਮੇਂਵਾਰ ਪੰਜਾਬ ਸਰਕਾਰ ਹੋਵੇਗੀ। ਇਸ ਕੜੀ ਤਹਿਤ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਤਹਿਤ ਸ਼ੋਸ਼ਲ ਸਾਇੰਸ ਵਿਭਾਗਾਂ ਦੇ ਵਿਦਿਆਰਥੀ ਅਧਿਆਪਕਾਂ ਅਤੇ ਕਰਮਾਚਾਰੀਆਂ ਵੱਲੋਂ ਇਕੱਠ ਕੀਤਾ ਗਿਆ। ਆਗੂਆਂ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਪ੍ਰਤੀ ਸੁਹਿਰਦ ਪੰਹੁਚ ਅਪਣਾਉਣ ਦੀ ਬਜਾਏ ਅੜੀਅਲ ਰਵਈਆ ਅਪਣਾ ਰਹੀ ਹੈ। ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਦੇ ਮੁੱਦੇ ਨੂੰ ਤਰਜੀਹ ਤੇ ਰੱਖਣ ਦੇ ਐਲਾਨ ਕਰ ਰਹੀ ਹੈ ਜਦਕਿ ਯੂਨੀਵਰਸਿਟੀ ਨੂੰ ਆਪਣੇ ਬਣਦੇ ਹੱਕ ਲੈਣ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਭ੍ਰਿਸ਼ਟਾਚਾਰ ਅਤੇ ਗਰਾਂਟ ਨਾ ਦੇਣ ਕਾਰਨ ਜੋ ਵੀ ਮਹੌਲ ਪੈਦਾ ਹੋਇਆ ਹੈ ਉਸ ਵਿੱਚ ਸਭ ਤੋਂ ਵੱਧ ਨੁਕਸਾਨ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ। ਯੂਨੀਵਰਸਿਟੀ ਸਮੇਂ ਤੇ ਵਿਦਿਆਰਥੀਆਂ ਦੇ ਨਤੀਜੇ ਨਹੀਂ ਐਲਾਨ ਪਾ ਰਹੀ ਨਾ ਹੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ। ਇਸੇ ਤਰਾਂ ਕਲਾਸਾਂ ਲਈ ਕਮਰਿਆਂ ਅਤੇ ਹੋਸਟਲਾਂ ਦੀ ਸਖ਼ਤ ਜ਼ਰੂਰਤ ਦੇ ਬਾਵਜੂਦ ਵਿੱਤੀ ਘਾਟੇ ਕਰਕੇ ਨਹੀਂ ਬਣਾਏ ਜਾ ਰਹੇ।
ਆਗੂਆਂ ਵੱਲੋਂ ਕਿਹਾ ਗਿਆ ਕਿ ਜਿੰਨਾਂ ਸਮਾਂ ਸਰਕਾਰ ਵੱਲੋਂ ਨੀਤੀਗਤ ਫੈਸਲੇ ਤਹਿਤ 150 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ ਅਤੇ ਪੂਰਾ ਬਜਟ ਜਾਰੀ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਮੋਰਚਾ ਜਾਰੀ ਰਹੇਗਾ। ਅੱਜ ਦੇ ਪ੍ਰੋਗਰਾਮ ਵਿੱਚ ਡਾ. ਰਾਜਦੀਪ ਸਿੰਘ, ਅਮਨਦੀਪ ਸਿੰਘ ਖਿਉਵਾਲੀ, ਗੁਰਪ੍ਰੀਤ ਸਿੰਘ, ਡਾ. ਚਰਨਜੀਤ, ਗਗਨਦੀਪ ਸ਼ਰਮਾ, ਡਾ. ਗੁਰਸੇਵਕ ਲੰਬੀ, ਰਸ਼ਪਿੰਦਰ ਜਿੰਮੀਂ, ਹਰਦੀਪ ਸ਼ਰਮਾ ਅਤੇ ਪ੍ਰੀਤ ਕਾਂਸ਼ੀ ਵੱਲੋਂ ਸੰਬੋਧਨ ਕੀਤਾ ਗਿਆ।