ਬਸਪਾ ਲੀਡਰਸ਼ਿਪ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ’ਤੇ ਪਰਚਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 02 August, 2024, 03:38 PM

ਬਸਪਾ ਲੀਡਰਸ਼ਿਪ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ’ਤੇ ਪਰਚਾ ਦਰਜ
ਜਲੰਧਰ : ਬਹੁਜਨ ਸਮਾਜ ਪਾਰਟੀ ਦੀ ਲੀਡਰਸਿਪ ਤੇ ਵਰਕਰਾਂ ਖਿਲਾਫ ਸੋਸ਼ਲ ਮੀਡੀਏ ’ਤੇ ਲਗਾਤਾਰ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ’ਤੇ ਕਮਿਸ਼ਨਰੇਟ ਪੁਲਸ ਜਲੰਧਰ ਨੇ ਥਾਣਾ ਡਵੀਜ਼ਨ ਨੰਬਰ ਅੱਠ ਵਿੱਚ ਸੰਦੀਪ ਮੂਲਨਿਵਾਸੀ, ਭਾਰਤ ਭੂਸ਼ਣ, ਰਵੀਪਾਲ, ਰਣਜੀਤ ਬੈਂਸ ਸਾਰੇ ਵਾਸੀ ਸਈਪੁਰ ਤੇ ਰਜਿੰਦਰ ਰਾਣਾ ਵਾਸੀ ਹੀਰਾਪੁਰ ਤੇ ਕੇਸ ਦਰਜ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਾਣਕਾਰੀ ਲੋਕ ਸਭਾ ਚੋਣਾਂ ਤੋਂ ਬਾਅਦ ਬਸਪਾ ਆਗੂ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਬਸਪਾ ਆਗੂਆਂ ਨੇ ਇਹ ਕਿਹਾ ਸੀ ਕਿ ਉਕਤ ਵਿਅਕਤੀਆਂ ਵੱਲੋਂ ਸ਼ੋਸ਼ਲ ਮੀਡੀਏ ’ਤੇ ਬਸਪਾ ਦੀ ਰਾਸ਼ਟਰੀ ਲੀਡਰਸ਼ਿਪ, ਸੂਬਾ ਲੀਡਰਸ਼ਿਪ ਤੇ ਵਰਕਰਾਂ ਖਿਲਾਫ ਬਹੁਤ ਹੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਵੱਲੋਂ ਇਹ ਸ਼ਿਕਾਇਤ ਏਡੀਸੀਪੀ ਚੰਦ ਸਿੰਘ ਨੂੰ ਜਾਂਚ ਲਈ ਸੌਂਪੀ ਗਈ ਸੀ ਤੇ ਉਨ੍ਹਾਂ ਆਪਣੀ ਜਾਂਚ ਵਿੱਚ ਇਹ ਪਾਇਆ ਕਿ ਉਕਤ ਵਿਅਕਤੀਆ ਵੱਲੋਂ ਗਲਤ ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਜਾ ਰਹੀ ਹੈ। ਉਨ੍ਹਾਂ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਵਿਅਕਤੀਆਂ ਸੰਦੀਪ ਮੂਲਨਿਵਾਸੀ, ਭਾਰਤ ਭੂਸ਼ਣ, ਰਵੀ ਪਾਲ, ਰਣਜੀਤ ਬੈਂਸ ਤੇ ਰਜਿੰਦਰ ਰਾਣਾ ਖਿਲਾਫ ਪੁਲਿਸ ਨੇ ਇਹ ਪਰਚਾ ਦਰਜ ਕੀਤਾ ਹੈ।