ਭਾਰਤ ਦੀ ਰਾਜਧਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਭਾਰਤ ਦੀ ਰਾਜਧਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ : ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਦੇ ਇੱਕ ਸਕੂਲ ਨੂੰ ਧਮਕੀ ਭਰੀ ਈਮੇਲ ਮਿਲੀ ਹੈ। ਇਸ ਈਮੇਲ ਵਿੱਚ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਪੁਲਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਈਮੇਲ ਵਿੱਚ ਲਿਖਿਆ ਹੈ ਕਿ ‘ਕੱਲ੍ਹ ਸਕੂਲ ਵਿੱਚ ਬੰਬ ਲਾਇਆ ਗਿਆ ਸੀ। ਹਾਲਾਂਕਿ ਹੁਣ ਤੱਕ ਦੀ ਜਾਂਚ `ਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਹ ਈਮੇਲ ਬੀਤੇ ਦਿਨ ਯਾਨੀ 1 ਅਗਸਤ ਨੂੰ ਦੁਪਹਿਰ 12.30 ਵਜੇ ਭੇਜੀ ਗਈ ਸੀ ਤੇ ਸਕੂਲ ਪ੍ਰਸ਼ਾਸਨ ਨੇ ਇਹ ਮੇਲ ਸ਼ੁੱਕਰਵਾਰ ਸਵੇਰੇ 8.30 ਵਜੇ ਦੇਖੀ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ `ਚ ਆਈ ਅਤੇ ਸਕੂਲ ਨੂੰ ਖਾਲੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਸਕੂਲ ਵਿੱਚ ਬੰਬ ਰੱਖਣ ਦੀ ਇਹ ਧਮਕੀ ਇੱਕ ਫਰਜ਼ੀ ਜਾਪਦੀ ਹੈ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੁਲਾਈ ਦੇ ਮਹੀਨੇ ਵਿੱਚ, ਇੰਦੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਕੈਂਪਸ ਵਿੱਚ ਸਥਿਤ ਪ੍ਰਧਾਨ ਮੰਤਰੀ ਸ਼੍ਰੀ ਕੇਂਦਰੀ ਵਿਦਿਆਲਿਆ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਈਮੇਲ ਭੇਜਣ ਵਾਲੇ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਸਕੂਲ ਕੈਂਪਸ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹਾਲ ਹੀ `ਚ ਜੰਮੂ ਤੋਂ ਰਾਜਸਥਾਨ ਦੇ ਜੋਧਪੁਰ ਜਾ ਰਹੀ ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈਸ (ਟਰੇਨ ਨੰਬਰ 19926) `ਚ ਫੋਨ ਕਾਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਸਮੇਤ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ ।
