ਐਮ.ਸੀ.ਐਚ ਡਾਕਟਰਾਂ ਦੀ ਕਮੀ ਦੇ ਚਲਦਿਆਂ 19 ਅਗਸਤ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ- ਗੁਰਤੇਜ ਸਿੰਘ ਢਿੱਲੋਂ
ਐਮ.ਸੀ.ਐਚ ਡਾਕਟਰਾਂ ਦੀ ਕਮੀ ਦੇ ਚਲਦਿਆਂ 19 ਅਗਸਤ ਨੂੰ ਦਿੱਤਾ ਜਾਵੇਗਾ ਵਿਸ਼ਾਲ ਧਰਨਾ- ਗੁਰਤੇਜ ਸਿੰਘ ਢਿੱਲੋਂ
ਰਜਿੰਦਰਾ ਹਸਪਤਾਲ ਵਿਖੇ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਐਮ.ਸੀ.ਐਚ. ਡਾਕਟਰ, ਪੈਰਾ ਮੈਡੀਕਲ ਸਟਾਫ, ਨਰਸਿਜ ਅਤੇ ਦਰਜਾ ਚਾਰ ਮੁਲਾਜ਼ਮਾਂ ਦੀ ਨਹੀਂ ਕੀਤੀ ਗਈ ਕੋਈ ਭਰਤੀ
ਸਿਹਤ ਮੰਤਰੀ ਪਟਿਆਲਾ ਦਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਨਹੀਂ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸੁਧ -ਨਾਭਾ, 28 ਜੁਲਾਈ (ਬਲਵੰਤ ਹਿਆਣਾ)
ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਹੋਣ ਦਾ ਸਖਤ ਨੋਟਿਸ ਲੈਂਦਿਆਂ ਸ. ਗੁਰਤੇਜ ਸਿੰਘ ਢਿੱਲੋਂ, ਕਾਰਜਕਾਰੀ ਮੈਂਬਰ, ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਸਾਬਕਾ ਚੇਅਰਮੈਨ, ਇੰਪਰੂਵਮੈਂਟ ਟਰੱਸਟ ਨਾਭਾ ਨੇ 19 ਅਗਸਤ ਨੂੰ ਰਜਿੰਦਰਾ ਹਸਪਤਾਲ ਦੇ ਬਾਹਰ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ. ਢਿੱਲੋ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਸੁਵਿਧਾਵਾਂ ਦੇਣ ਦੇ ਨਾਮ ਤੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ, ਪਰ ਜਮੀਨੀ ਪੱਧਰ ਤੇ ਇਹੋ ਜਿਹਾ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਹੈ। ਫਿਰ ਚਾਹੇ ਉਹ ਮੁਹੱਲਾ ਕਲੀਨਿਕਾਂ ਨੂੰ ਖੋਲਣ ਦੀ ਗੱਲ ਕਰਦੇ ਹੋਣ ਜਾਂ ਐਬੂਲੈਂਸਾਂ ਨੂੰ ਲੋਕਾਂ ਦੀ ਸਹੂਲਤ ਲਈ ਹਰੀ ਝੰਡੀ ਦੇਣ ਦੀ ਗੱਲ ਕਰਦੇ ਹੋਣ। ਪਰ ਅਸਲ ਵਿੱਚ ਤਾਂ ਉੱਤਰ ਭਾਰਤ ਦੇ ਪ੍ਰਸਿੱਧ ਹਸਪਤਾਲ ਰਜਿੰਦਰਾ ਹਸਪਤਾਲ ਵਿਖੇ ਬਣੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਕੋਈ ਸ਼ੁੱਧ ਨਹੀਂ ਲਿੱਤੀ ਜਾ ਰਹੀ। 5 ਨਵੰਬਰ, 2019 ਨੂੰ ਚਾਲੂ ਹੋਏ ਇਸ ਹਸਪਤਾਲ ਵਿਖੇ ਅਜੇ ਤੱਕ ਸਟਾਫ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਡਾਕਟਰਾਂ ਅਤੇ ਤਕਨੀਕੀ ਮਾਹਰਾਂ ਦੇ ਨਾ ਹੋਣ ਦੇ ਚਲਦਿਆਂ ਇਥੇ ਮਸ਼ੀਨਰੀ ਖਰਾਬ ਹੋ ਰਹੀ ਹੈ। ਕਰੋੜਾਂ ਰੁਪਏ ਦੀ ਲਾਗਤ ਦੀਆਂ ਮਸ਼ੀਨਾਂ ਸਫੇਦ ਹਾਥੀ ਵਾਂਗ ਵਿਖਾਈ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਸਰਕਾਰ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਤੇ ਵੀ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਹਾਲਤ ਜਿਉਂ ਦੀ ਤਿਉਂ ਹੈ। ਦੋਵੇਂ ਸਰਕਾਰਾਂ ਦੇ ਸਮੇਂ ਸਿਹਤ ਮੰਤਰੀ ਪਟਿਆਲਾ ਦਿਹਾਤੀ ਤੋਂ ਹੀ ਸੰਬੰਧਿਤ ਸਨ। ਪਰ ਫਿਰ ਵੀ ਨਾ ਤਾਂ ਬ੍ਰਹਮ ਮਹਿੰਦਰਾ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਮੌਜੂਦਾ ਡਾਕਟਰ ਬਲਬੀਰ ਸਿੰਘ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 19 ਜੁਲਾਈ ਨੂੰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਇਆ ਗਿਆ ਸੀ ਕਿ ਅਗਰ ਇਕ ਮਹੀਨੇ ਦੇ ਅੰਦਰ-ਅੰਦਰ ਰਜਿੰਦਰ ਹਸਪਤਾਲ ਵਿਖੇ ਸਥਿਤ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਟਾਫ ਦੀ ਭਰਤੀ ਨਾ ਕੀਤੀ ਗਈ ਤਾਂ ਉਹ ਪੰਜਾਬ ਸਰਕਾਰ ਦੇ ਖਿਲਾਫ ਵਿਸ਼ਾਲ ਪੱਧਰ ਤੇ ਧਰਨਾ ਦੇਣਗੇ ਅਤੇ ਹੁਣ ਤੱਕ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸੇ ਸੁਸਤ ਰਵਈਏ ਦੇ ਖਿਲਾਫ 19 ਅਗਸਤ ਨੂੰ ਵਿਸ਼ਾਲ ਪੱਧਰ ਤੇ ਧਰਨਾ ਦਿੱਤਾ ਜਾਵੇਗਾ, ਜਿਸ ਦੇ ਲਈ ਜਲਦ ਹੀ ਰਾਜ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਹੈ ਅਤੇ ਸਰਕਾਰ ਦੇ ਖਿਲਾਫ ਜ਼ੋਰਦਾਰ ਧਰਨਾ ਦੇ ਕੇ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਨੂੰ ਜਾਹਿਰ ਕੀਤਾ ਜਾਏਗਾ। ਉਹਨਾਂ ਦੱਸਿਆ ਕਿ 2015 ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਲਈ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ 150 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ ਅਤੇ ਅਗਰ ਪੰਜਾਬ ਸਰਕਾਰ ਦਾ ਰਵਈਆ ਅਜਿਹਾ ਹੀ ਰਿਹਾ ਤਾਂ ਉਹ ਜਲਦ ਹੀ ਕੇਂਦਰੀ ਸਿਹਤ ਮੰਤਰੀ ਨੂੰ ਮਿਲ ਕੇ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਪੀਜੀਆਈ ਦੇ ਅਧੀਨ ਲਿਆਉਣ ਦੀ ਮੰਗ ਕਰਨਗੇ ਤਾਂ ਜੋ ਲੋਕਾਂ ਨੂੰ ਇਸ ਹਸਪਤਾਲ ਦਾ ਲਾਭ ਮਿਲ ਸਕੇ। ਸ. ਢਿੱਲੋਂ ਨੇ ਪਟਿਆਲਾ ਪ੍ਰਸ਼ਾਸਨ ਵੱਲੋਂ ਪਟਿਆਲਾ ਨਾਭਾ ਰੋਡ ਦੀ ਡੀ.ਪੀ.ਆਰ. ਭੇਜਣ ਤੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਲੋਕਾਂ ਦੀ ਭਲਾਈ ਲਈ ਹਮੇਸ਼ਾ ਕਾਰਜ ਕਰਦਾ ਰਹੇਗਾ।