ਡਿਪਟੀ ਕਮਿਸ਼ਨਰ ਵੱਲੋਂ ਡੀ.ਸੀ. ਡੈਸ਼ਬੋਰਡ, ਆਮ ਆਦਮੀ ਕਲੀਨਿਕ, ਮਾਈਂਡ ਸਪਾਰਕ ਤੇ ਆਈ-ਐਸਪਾਇਰ ਦਾ ਜਾਇਜ਼ਾ
ਮਾਈਂਡ ਸਪਾਰਕ: ਵਿਦਿਆਰਥੀਆਂ ਦੀ ਪ੍ਰ੍ਰਤਿਭਾ ਨਿਖਾਰਨ ਲਈ ਨਿਵੇਕਲਾ ਉਪਰਾਲਾ-ਡੀ.ਸੀ
-ਤੀਜੇ ਪੜਾਅ ਤਹਿਤ ਜ਼ਿਲ੍ਹੇ ‘ਚ 14 ਆਮ ਆਦਮੀ ਕਲੀਨਿਕ ਹੋਰ ਬਣ ਰਹੇ ਹਨ-ਸਾਕਸ਼ੀ ਸਾਹਨੀ
ਪਟਿਆਲਾ, 21 ਮਾਰਚ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਸਦਕਾ ਸ਼ੁਰੂ ਹੋਏ ਵਿਸ਼ੇਸ਼ ਪ੍ਰੋਗਰਾਮ ਡੀ.ਸੀ. ਡੈਸ਼ਬੋਰਡ, ਮਾਈਂਡ ਸਪਾਰਕ, ਮੇਰਾ ਬਚਪਨ, ਆਈ-ਐਸਪਾਇਰ, ਸਕੂਲ ਸਿੱਖਿਆ ਐਕਚੇਂਜ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਨਿਵਾਸੀਆਂ ਨੂੰ ਬਿਹਤਰ ਤੇ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲ੍ਹੇ ਅੰਦਰ ਤੀਜੇ ਪੜਾਅ ਤਹਿਤ 14 ਹੋਰ ਬਣ ਰਹੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਿਹਤ ਤੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹੇ ਅੰਦਰ ਪਹਿਲਾਂ ਹੀ 40 ਆਮ ਆਦਮੀ ਕਲੀਨਿਕ ਸਫ਼ਲਤਾ ਪੂਰਵਕ ਚੱਲ ਰਹੇ ਹਨ ਤੇ ਹੁਣ 14 ਅਜਿਹੇ ਕਲੀਨਿਕ ਹੋਰ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਸਿਵਲ ਸਰਜਨ ਡਾ. ਦਲਬੀਰ ਕੌਰ ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੋਂ ਇਨ੍ਹਾਂ ਦੀ ਮੌਜੂਦਾ ਸਥਿਤੀ ਦੀ ਪ੍ਰਗਤੀ ਬਾਰੇ ਜਾਣਿਆ ਤੇ ਕੰਮ ‘ਚ ਤੇਜੀ ਲਿਆਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ) ਡਾ. ਅਕਸ਼ਿਤਾ ਗੁਪਤਾ, ਜਿਨ੍ਹਾਂ ਨੇ ਡੀ.ਸੀ. ਡੈਸ਼ ਬੋਰਡ ਵਿਕਸਤ ਕਰਨ ‘ਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ ਤੋਂ ਇਸ ਸਾਫ਼ਟਵੇਅਰ ਦੀ ਪ੍ਰਗਤੀ ਬਾਰੇ ਜਾਣਿਆ। ਇਸ ‘ਚ ਵੱਖ-ਵੱਖ ਵਿਭਾਗਾਂ ਦੇ ਫੀਲਡ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ‘ਤੇ ਆਨ-ਲਾਈਨ ਇਸ ਸਾਫ਼ਟਵੇਅਰ ਰਾਹੀਂ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਤੌਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 66 ਸਕੂਲਾਂ ‘ਚ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਜਰੀਏ ਅਧਿਆਪਕਾਂ ਤੇ ਮਾਈਂਡ ਸਪਾਰਕ ਸੰਸਥਾ ਨਾਲ ਮਿਲਕੇ ਇੱਕ ਸਾਂਝਾ ਤੇ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ਵਿਦਿਆਰਥੀ ਵਧੀਆ ਕਰਨ ਤੇ ਨਤੀਜੇ ਚੰਗੇ ਆਉਣ।
ਉਨ੍ਹਾਂ ਦੱਸਿਆ ਕਿ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਲਿਆਉਣ ਲਈ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ। ਮੀਟਿੰਗ ਦੌਰਾਨ ਮਾਈਂਡਸਪਾਰਕ ਪ੍ਰਾਜੈਕਟ ਦੇ ਨੁਮਾਇੰਦੇ ਪ੍ਰਿਆ ਸਿੰਘ ਤੇ ਯੁਧਵੀਰ ਸਿੰਘ ਨੇ ਮਾਈਂਡ ਸਪਾਰਕ ਪ੍ਰਾਜੈਕਟ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਡਿਪਟੀ ਕਮਿਸ਼ਨਰ ਨੇ ਇਸੇ ਦੌਰਾਨ ਮੇਰਾ ਬਚਪਨ ਪ੍ਰਾਜੈਕਟ, ਜਿਸ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਨੂੰ ਪੜ੍ਹਾਈ ਵੱਲ ਲਗਾਉਣ ਦੇ ਉਪਰਾਲੇ ਤਹਿਤ ਸਕੂਲ ਆਨ ਵੀਲ੍ਹ ਬੱਸ ਸਕੂਲ ਚਲਾ ਕੇ ਇਨ੍ਹਾਂ ਬੱਚਿਆਂ ਦੀ ਛੁਪੀ ਪ੍ਰਤਿਭਾ ਉਭਾਰਨ ਲਈ ਉਨ੍ਹਾਂ ਦੇ ਟੇਲੈਂਟ ਮੁਤਾਬਕ ਖੇਡਾਂ, ਸੰਗੀਤ, ਡਰਾਇੰਗ ਜਾਂ ਹੋਰਨਾਂ ਖੇਤਰਾਂ ‘ਚ ਅੱਗੇ ਵੱਧਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਐਕਸਚੇਂਜ ਪ੍ਰੋਗਰਾਮ ਇਮਤਿਹਾਨਾਂ ਤੋਂ ਬਾਅਦ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਈ-ਗਵਰਨੈਂਸ ਜ਼ਿਲ੍ਹਾ ਕੋਆਰਡੀਨੇਟਰ ਰੋਬਿਨ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।