ਜਵਾਈ ਨੇ ਦਾਤ ਨਾਲ ਹਮਲਾ ਕਰਕੇ ਸਹੁਰੇ ਨੂੰ ਕੀਤਾ ਫੱਟੜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 24 July, 2024, 04:41 PM

ਜਵਾਈ ਨੇ ਦਾਤ ਨਾਲ ਹਮਲਾ ਕਰਕੇ ਸਹੁਰੇ ਨੂੰ ਕੀਤਾ ਫੱਟੜ
ਲੁਧਿਆਣਾ : ਪਰਿਵਾਰਕ ਕਲੇਸ਼ ਕਾਰਨ ਰੰਜਿਸ਼ ਦੇ ਚਲਦੇ ਸੈਕਟਰ 32 ਮੋਹਣੀ ਰਿਜੋਰਟ ਦੇ ਨਜ਼ਦੀਕ ਬਜ਼ੁਰਗ ਉੱਪਰ ਉਸਦੇ ਜਵਾਈ ਨੇ ਦਾਤ ਨਾਲ ਵਾਰ ਕਰਕੇ ਬਜ਼ੁਰਗ ਨੂੰ ਫੱਟੜ ਕਰ ਦਿੱਤਾ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਖਵਾਜਾ ਕੋਠੀ ਚੌਂਕ ਦੇ ਨਜ਼ਦੀਕ ਰਹਿਣ ਵਾਲੇ ਨਿਰੰਜਨ ਦਾਸ ਦੇ ਬਿਆਨ ਉੱਪਰ ਉਸ ਦੇ ਜਵਾਈ ਅਰੁਣ ਮਹਿਰਾ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਨਿਰੰਜਨ ਦਾਸ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੀ ਪਤਨੀ ਮਮਤਾ ਅਤੇ ਬੇਟੀ ਹਰਸ਼ਾ ਨਾਲ ਐਕਟੀਵਾ ਤੇ ਸਵਾਰ ਹੋ ਕੇ ਤਾਜਪੁਰ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਸੈਂਟਰਲ ਜੇਲ ਤਾਜਪੁਰ ਕੋਲ ਪੁੱਜੇ ਤਾਂ ਪਿੱਛੋਂ ਐਕਟੀਵਾ ਤੇ ਸਵਾਰ ਹੋ ਕੇ ਆਏ ਅਰੁਣ ਮਹਿਰਾਂ ਨੇ ਉਸ ਉੱਪਰ ਦਾਤ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਉਸ ਦੇ ਫੱਟ ਮਾਰੇ ਅਤੇ ਮੌਕੇ ਤੋਂ ਭੱਜ ਨਿਕਲਿਆ। ਸ਼ਿਕਾਇਤ ਕਰਤਾ ਨੇ ਸਥਾਨਕ ਸਿਵਲ ਹਸਪਤਾਲ ਤੋਂ ਆਪਣਾ ਇਲਾਜ ਕਰਵਾਇਆ ਅਤੇ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਦੇ ਦਿੱਤੀ। ਨਿਰੰਜਨ ਦਾਸ ਮੁਤਾਬਕ ਮੁਲਜਮ ਅਰੁਣ ਮਹਿਰਾ ਨਾਲ ਉਸ ਦੀ ਬੇਟੀ ਨੇ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਧੀ ਅਤੇ ਜਵਾਈ ਵਿਚਕਾਰ ਲੜਾਈ ਝਗੜਾ ਹੋਣ ਲੱਗਾ ਤਾਂ ਉਹ ਆਪਣੀ ਲੜਕੀ ਨੂੰ ਵਾਪਸ ਪੇਕੇ ਘਰ ਲੈ ਆਇਆ। ਇਸ ਵਜਹਾ ਨਾਲ ਅਰੁਣ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸ ਰੰਜਿਸ਼ ਦੇ ਚਲਦੇ ਹੀ ਇਹ ਜਾਨਲੇਵਾ ਹਮਲਾ ਕੀਤਾ ਗਿਆ।