ਦੋ ਧਿਰਾਂ ਵਿਚ ਹੋਈ ਲੜਾਈ ਤੋਂ ਬਾਅਦ ਹਸਪਤਾਲ ਭਰਤੀ ਹੋਏ ਜ਼ਖ਼ਮੀਆਂ ਤੇ ਨੌਜਵਾਨਾਂ ਕੀਤਾ ਤੇਜਧਾਰ ਹਥਿਆਰਾਂ ਨਾਲ ਹਮਲਾ

ਦੋ ਧਿਰਾਂ ਵਿਚ ਹੋਈ ਲੜਾਈ ਤੋਂ ਬਾਅਦ ਹਸਪਤਾਲ ਭਰਤੀ ਹੋਏ ਜ਼ਖ਼ਮੀਆਂ ਤੇ ਨੌਜਵਾਨਾਂ ਕੀਤਾ ਤੇਜਧਾਰ ਹਥਿਆਰਾਂ ਨਾਲ ਹਮਲਾ
ਸਮਾਣਾ : ਜਿ਼ਲਾ ਪਟਿਆਲਾ ਅਧੀਨ ਆਉ਼ਦੇ ਸਮਾਣਾ ਸ਼ਹਿਰ ਦੇ ਪਿੰਡ ਫਤਿਹਪੁਰ ਵਿੱਚ ਬੀਤੀ ਦੇਰ ਰਾਤ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ, ਜਿਸ ਤੋਂ ਬਾਅਦ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਜ਼ਖ਼ਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਐਮਰਜੈਂਸੀ ਵਿੱਚ ਪਏ ਹਸਪਤਾਲ ਦੇ ਸਾਮਾਨ ਦੀ ਵੀ ਭੰਨਤੋੜ ਕੀਤੀ ਗਈ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਦਕਿ ਕੁਝ ਜ਼ਖਮੀਆਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚ ਅੰਮ੍ਰਿਤਪਾਲ ਸਿੰਘ, ਬਲਰਾਜ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਸਿੰਘ, ਜਰਨੈਲ ਸਿੰਘ, ਕਾਲੀ, ਰਾਜਿੰਦਰ ਸਿੰਘ ਸਾਰੇ ਵਾਸੀ ਪਿੰਡ ਫਤਿਹਪੁਰ ਸ਼ਾਮਲ ਹਨ । ਪੁਲਸ ਅਤੇ ਹਸਪਤਾਲ ਸਟਾਫ਼ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਮੇਂ ਪਿੰਡ ਫਤਿਹਪੁਰ ਵਿਖੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਜ਼ਖਮੀ ਅੰਮ੍ਰਿਤਪਾਲ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਰਾਤ ਸਮੇਂ 1 ਵਜੇ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ। ਐਮਰਜੈਂਸੀ `ਚ ਜ਼ਖਮੀ ਦੇ ਇਲਾਜ ਦੌਰਾਨ ਪਹੁੰਚੇ ਕੁਝ ਨੌਜਵਾਨਾਂ ਨੇ ਜ਼ਖਮੀ ਅਤੇ ਉਸ ਦੇ ਪਰਿਵਾਰ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਐਮਰਜੈਂਸੀ `ਚ ਹੀ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ, ਜਿਸ `ਚ ਉਥੇ ਪਏ ਸਾਮਾਨ ਦੀ ਵੀ ਵਰਤੋਂ ਕੀਤੀ ਗਈ। ਇਸ ਨਾਲ ਖਿੜਕੀਆਂ ਦੇ ਸ਼ੀਸ਼ੇ ਤੇ ਬੈੱਡ ਤੋਂ ਇਲਾਵਾ ਹੋਰ ਸਮਾਨ ਵੀ ਟੁੱਟ ਗਿਆ ਅਤੇ ਹਸਪਤਾਲ ਵਿੱਚ ਮੌਜੂਦ ਡਾਕਟਰ ਅਤੇ ਸਟਾਫ਼ ਪੂਰੀ ਤਰ੍ਹਾਂ ਸਹਿਮ ਗਿਆ। ਜਿਸ ਦੀ ਸੂਚਨਾ ਮਿਲਣ ’ਤੇ ਸਿਟੀ ਪੁਲਿਸ ਦੇ ਪਹੁੰਚਣ ’ਤੇ ਹਮਲਾਵਰ ਫ਼ਰਾਰ ਹੋ ਗਏ। ਸਿਟੀ ਥਾਣਾ ਮੁੱਖੀ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਅਧਿਕਾਰੀ ਪਟਿਆਲਾ ਚਲੇ ਗਏ ਹਨ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
