ਪਟਿਆਲਾ 'ਚ ਅੱਜ ਮੁੜ ਬੇਮੌਸਮੀ ਭਾਰੀ ਬਰਸਾਤ ਤੇ ਭਾਰੀ ਗੜੇਮਾਰੀ ਨੇ ਮਚਾਈ ਤਬਾਹੀ
ਕਣਕ ਦੀ ਫਸਲ 50 ਫੀਸਦੀ ਹੋਈ ਖਤਮ : ਸਬਜੀਆਂ ਦੀ ਫਸਲ ਪੂਰੀ ਤਰ੍ਹਾਂ ਹੋਈ ਖਤਮ
– ਕੱਲ ਵੀ ਮੀਂਹ ਪੈਣ ਦੀ ਸੰਭਾਵਨਾ : ਕਿਸਾਨ ਪੁਰੀ ਤਰ੍ਹਾਂ ਮਾਯੂਸ
ਪਟਿਆਲਾ, 20 ਮਾਰਚ :
ਅੱਜ ਮੁੜ ਕਈ ਘੰਟੇ ਹੋਈ ਭਾਰੀ ਬਰਸਾਤ ਤੇ ਗੜੇਮਾਰੀ ਨੇ ਪੂਰੇ ਜਿਲਾ ਪਟਿਆਲਾ ਦੇ ਵੱਖ ਵੱਖ ਪਿੰਡਾਂ ਅੰਦਰ ਭਾਰੀ ਤਬਾਹੀ ਮਚਾਈ ਹੈ। ਪਕਣ ਕਿਨਾਰੇ ਖੜੀ ਕਣਕ ਦੀ ਫਸਲ ਇਸ ਗੜੇਮਾਰੀ ਦੀ ਪੂਰੀ ਤਰ੍ਹਾਂ ਲਪੇਟ ਵਿੱਚ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 50 ਫੀਸਦੀ ਫਸਲ ਖਤਮ ਹੋ ਚੁੱਕੀ ਹੈ ਤੇ ਇਸਦੇ ਨਾਲ ਸਬਜੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਅਜੇ ਦੋ ਦਿਨ ਹੋਰ ਰੁਕ ਰੁਕ ਕੇ ਬਰਸਾਤ ਹੋ ਸਕਦੀ ਹੈ, ਜਿਸਨੇ ਕਿਸਾਨਾਂ ਨੂੰ ਵੱਡੇ ਸੰਕਟ ਵਿੰਚ ਲਿਆ ਖੜਾ ਕੀਤਾ ਹੈ। ਪਹਿਲਾਂ ਹੀ ਬੇਮੌਸਮੀ ਬਰਸਾਤ, ਹਨ੍ਰੇਰੀਆਂ ਕਾਰਨ ਕਿਸਾਨੀ ਲਗਾਤਾਰ ਘਾਟੇ ਵਿੱਚ ਜਾ ਹੀ ਹੈ ਤੇ ਹੁਣ ਇਸ ਬਰਸਾਤ ਨੇ ਕਿਸਾਨਾਂ ਦਾ ਸਭ ਕੁੱਝ ਖਤਮ ਕਰਕੇ ਰੱਖ ਦਿੱਤਾ ਹੈ। ਪਟਿਆਲਾ ਜ਼ਿਲੇ ਅੰਦਰ ਸਨੌਰ, ਘਨੌਰ, ਦੇਵੀਗੜ੍ਹ, ਬਨੂੜ, ਰਾਜਪੁਰਾ, ਨਾਭਾ ਆਦਿ ਦੇ ਪਿੰਡਾਂ ਵਿੱਚ ਇਸ ਬਰਸਾਤ ਨੇ ਕੋਹਰਾਮ ਮਚਾਇਆ ਹੋਇਆ ਹੈ।
ਪਹਿਲਾਂ ਵੀ ਅਜਿਹੀਆਂ ਬੇਮੌਸਮੀਆਂ ਬਰਸਾਤਾਂ ਤੇ ਹਨ੍ਹੇਰੀਆਂ ਸਭ ਤੋਂ ਵੱਧ ਸੂਬੇ ਦੇ ਕਿਸਾਨਾਂ ਦਾ ਨੁਕਸਾਨ ਕਰਦੀਆਂ ਹਨ ਤੇ ਇਸ ਵਾਰ ਫਿਰ ਇਸ ਬਰਸਾਤ ਨੇ ਸੂਬੇ ਦੀ ਕਿਸਾਨੀ ਨੂੰ ਝਿੰਜੋੜਿਆ ਹੈ। ਕਿਸਾਨ ਕੋਲ ਕਣਕ ਤੇ ਝੋਨਾ ਦੋ ਵੱਡੀਆਂ ਫਸਲਾਂ ਹੁੰਦੀਆਂ ਹਨ ਤੇ ਇਨ੍ਹਾਂ ਫਸਲਾਂ ‘ਤੇ ਹੀ ਉਸਦੇ ਪੂਰੇ ਸਾਲ ਦੀ ਰੋਜੀ ਰੋਟੀ ਨਿਰਭਰ ਹੁੰਦੀ ਹੈ। ਇਸ ਹੋਏ ਨੁਕਸਾਨ ਤੇ ਧਰਤੀ ‘ਤੇ ਵਿਛੀਆਂ ਫਸਲਾਂ ਨਾਲ ਵੱਡੇ ਪੱਧਰ ‘ਤੇ ਕਿਸਾਨਾਂ ਦਾ ਵਿੱਤੀ ਸੰਕਟ ਤੇ ਨੁਕਸਾਨ ਹੋਵੇਗਾ।
ਡੱਬੀ
ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਕਿਸਾਨਾਂ ਲਈ ਸੋਚੇ : ਬੂਟਾ ਸਿੰਘ ਸ਼ਾਦੀਪੁਰ
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਯੂਨੀਅਅਨ ਦੇ ਸੂਬਾਈ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਆਖਿਆ ਕਿ ਭਾਰੀ ਬਰਸਾਤ ਅਤੇ ਗੜੇਮਾਰੀ ਨੇ ਸਭ ਕੁੱਝ ਅਸਤ ਵਿਅਸਤ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਤੇ ਕਿਸਾਨਾਂ ਲਈ ਸੋਚਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੱਕੀ ਫਸਲ ਦਾ ਜਦੋਂ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਲਈ ਮੌਤ ਦੇ ਬਰਾਬਰ ਹੁੰਦਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਸਰਕਾਰੀ ਤੌਰ ‘ਤੇ ਬਿਆਨ ਜਾਰੀ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜਾ ਮਿਲੇਗਾ।