ਪਾਸਲਾ ਦੰਦੂਵਾਲ ਦੇ ਸਾਂਝੇ ਸ਼ਮਸ਼ਾਨਘਾਟ ਵਿਖੇ ਰੁੱਖ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ `ਚ ਸਨਸਨੀ ਫੈਲੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 27 July, 2024, 12:29 PM

ਪਾਸਲਾ ਦੰਦੂਵਾਲ ਦੇ ਸਾਂਝੇ ਸ਼ਮਸ਼ਾਨਘਾਟ ਵਿਖੇ ਰੁੱਖ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ `ਚ ਸਨਸਨੀ ਫੈਲੀ
ਗੋਰਾਇਆ : ਪੰਜਾਬ ਦੇ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਪਾਸਲਾ ਦੰਦੂਵਾਲ ਦੇ ਸਾਂਝੇ ਸ਼ਮਸ਼ਾਨਘਾਟ ਵਿਖੇ ਅੱਜ ਤੜਕੇ ਇਕ ਰੁੱਖ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ `ਚ ਸਨਸਨੀ ਫੈਲ ਗਈ। ਪੁਲਸ ਇਸ ਨੂੰ ਸੁਸਾਈਡ ਦੱਸ ਰਹੀ ਹੈ ਜਦਕਿ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਗਾਉਂਦੇ ਹੋਏ ਪੁਲਸ ਦੀ ਕਾਰਵਾਈ `ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ । ਮ੍ਰਿਤਕ ਦੀ ਪਛਾਣ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪਾਸਲਾ ਵਜੋਂ ਕੀਤੀ ਗਈ ਹੈ। ਉਧਰ ਪਿੰਡ ਵਾਸੀ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ, ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਰੁੱਖ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਈਡ ਨੋਟ ਪੁਲਸ ਦੱਸ ਰਹੀ ਹੈ, ਉਹ ਉਨ੍ਹਾਂ ਨੇ ਪਰਿਵਾਰ ਨੂੰ ਨਹੀਂ ਵਿਖਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ। ਪਿੰਡ ਵਾਸੀ ਇਸ ਗੱਲੋਂ ਨੂੰ ਖ਼ਫ਼ਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਫਗਵਾੜਾ ਤੋਂ ਆ ਰਹੇ ਸਨ, ਉਨ੍ਹਾਂ ਨੂੰ ਲਾਸ਼ ਨਹੀਂ ਵਿਖਾਈ ਗਈ ਅਤੇ ਜਦੋਂ ਦੂਜੇ ਪਾਸੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਪੁੱਤਰ ਦਾ ਸੁਸਾਈਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਵਗੈਰਾ ਚੈੱਕ ਕੀਤੀ ਅਤੇ ਨਾ ਹੀ ਕੋਈ ਵੀ ਬਣਦੀ ਕਾਰਵਾਈ ਸੁਚੱਜੇ ਢੰਗ ਨਾਲ ਕਰ ਰਹੇ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਪੂਰਾ ਜਾਂਚ ਕਰਕੇ ਇਨਸਾਫ਼ ਦਿਵਾਇਆ ਜਾਵੇ।