ਮੱਧਪ੍ਰਦੇਸ਼ ਦੀ ਸੰਗਤ ਵੱਲੋਂ ਗੁਰੂ ਘਰ ਦੇ ਲੰਗਰ ਲਈ ਡੇਢ ਲੱਖ ਦੀ ਰਾਸ਼ੀ ਭੇਂਟ

ਮੱਧਪ੍ਰਦੇਸ਼ ਦੀ ਸੰਗਤ ਵੱਲੋਂ ਗੁਰੂ ਘਰ ਦੇ ਲੰਗਰ ਲਈ ਡੇਢ ਲੱਖ ਦੀ ਰਾਸ਼ੀ ਭੇਂਟ
ਗੁਰਦੁਆਰਾ ਪ੍ਰਬੰਧਕਾਂ ਨੇ ਲੰਗਰ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਸਨਮਾਨਤ
ਪਟਿਆਲਾ 26 ਜੁਲਾਈ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਲੰਗਰਾਂ ਲਈ ਮੱਧ ਪ੍ਰਦੇਸ਼ ਦੀ ਸੰਗਤ ਨੇ ਡੇਢ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਤ ਵੀ ਕੀਤਾ। ਜਾਣਕਾਰੀ ਸਾਂਝੀ ਕਰਦਿਆਂ ਮੀਤ ਮੈਨੇਜਰ ਜਰਨੈਲ ਸਿੰਘ ਨੇ ਦੱਸਿਆ ਕਿ ਗੁਰੂ ਘਰ ਪ੍ਰਤੀ ਆਪਣੀ ਆਸਥਾ ਰੱਖਣ ਵਾਲੀ ਮੱਧ ਪ੍ਰਦੇਸ਼ ਦੀ ਸੰਗਤ ਤੋਂ ਬ੍ਰਹਮਪ੍ਰੀਤ ਸਿੰਘ ਨੇ ਪ੍ਰਬੰਧਕਾਂ ਨੂੰ ਗੁਰੂ ਘਰ ਦੇ ਲੰਗਰਾਂ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਵਾਲਾ ਚੈਕ ਭੇਂਟ ਕੀਤਾ। ਇਸ ਮੌਕੇ ਬ੍ਰਹਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿਚ ਸਤਨਾਮ ਵੈਲਫੇਅਰ ਸੁਸਾਇਟੀ ਰਾਹੀਂ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇਸ ਨਿਰਵਿਘਨ ਸੇਵਾ ਨੂੰ ਜਾਰੀ ਕਰਦਿਆਂ ਉਹ ਪਹਿਲਾਂ ਹੀ ਕਰੋਨਾ ਕਾਲ ਸਮੇਂ ਸ਼ਹੀਦਾਂ ਦੀ ਮਹਾਨ ਦੀ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਗੁਰੂ ਘਰ ਲਈ ਭੇਂਟ ਕੀਤਾ ਸੀ ਅਤੇ ਇਸ ਵਾਰ ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜਿਥੇ ਮੱਥਾ ਟੇਕਿਆ, ਉਥੇ ਹੀ ਗੁਰੂ ਘਰ ਦੇ ਲੰਗਰ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਸੁਪਰਵਾਈਜਰ ਮਨਪ੍ਰੀਤ ਸਿੰਘ ਭਲਵਾਨ, ਭਾਈ ਦਰਸ਼ਨ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਮਨਦੀਪ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਪ੍ਰਬੰਧਕੀ ਸਟਾਫ ਆਦਿ ਸ਼ਾਮਲ ਸੀ।
