ਬਿਰਧ ਦੀ ਲਾਸ਼ ਫੁਹਾਰਾ ਚੌਕ ਵਿੱਚ ਰੱਖ ਕੇ ਜਾਮ ਲਾਇਆ

ਬਿਰਧ ਦੀ ਲਾਸ਼ ਫੁਹਾਰਾ ਚੌਕ ਵਿੱਚ ਰੱਖ ਕੇ ਜਾਮ ਲਾਇਆ
ਪਟਿਆਲਾ, 8 ਜੁਲਾਈ : ਸਂਥਾਨਕ ਫੁਹਾਰਾ ਚੌਕ ਵਿਚਾਲੇ ਬਿਰਧ ਮਹਿਲਾ ਦੀ ਲਾਸ਼ ਰੱਖ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਜਾਮ ਲਾ ਦਿੱਤਾ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬਸਤੀ ਵਿੱਚ ਪੁਲੀਸ ਨੇ ਲੋਕਾਂ ’ਤੇ ਤਸ਼ੱਦਦ ਢਾਹਿਆ ਅਤੇ ਧੱਕਾ ਮਾਰ ਕੇ ਬਿਰਧ ਮਹਿਲਾ ਨੂੰ ਕੰਧ ਨਾਲ ਮਾਰਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਧਰਨਾ ਚੁਕਵਾਉਣ ਲਈ ਪੁਲੀਸ ਨੇ ਕਾਫ਼ੀ ਤਰੱਦਦ ਕੀਤਾ ਪਰ ਧਰਨਾਕਾਰੀ ਪੁਲੀਸ ਦੇ ਸਬੰਧਿਤ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਤੇ ਸਾਰੇ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ’ਤੇ ਅੜੇ ਰਹੇ। ਜ਼ਿਕਰਯੋਗ ਹੈ ਕਿ ਜਾਮ ਕਾਰਨ ਆਵਾਜਾਈ ਠੱਪ ਹੋ ਗਈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।ਧਰਨੇ ਦੀ ਅਗਵਾਈ ਕਰ ਰਹੇ ਧੀਰੂ ਕੀ ਬਸਤੀ ਦੇ ਵਿਜੇ ਕਲਿਆਣ ਨੇ ਦੱਸਿਆ, ‘ਸਾਡੀ ਬਸਤੀ ਵਿੱਚ ਮੇਰੇ ਭਤੀਜੇ ਨਾਲ ਕਿਸੇ ਦਾ ਝਗੜਾ ਸੀ ਜਿਸ ਬਾਰੇ ਮਾਮਲਾ ਥਾਣੇ ਪੁੱਜ ਗਿਆ, ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਦੇ ਪੁਲੀਸ ਮੁਲਾਜ਼ਮ ਜੋ ਕੁਝ ਵਰਦੀ ’ਚ ਸਨ ਤੇ ਕੁਝ ਸਿਵਲ ਕੱਪੜਿਆਂ ’ਚ ਸਨ, ਸਾਡੀ ਬਸਤੀ ਵਿੱਚ ਆਏ। ਉਨ੍ਹਾਂ ਅੰਨ੍ਹੇਵਾਹ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮਾਤਾ ਸ਼ੰਕੁਤਲਾ ਦੇਵੀ (60) ਨੂੰ ਧੱਕੇ ਮਾਰੇ ਜਿਸ ਕਰਕੇ ਉਹ ਡਿੱਗ ਗਈ ਜਿਸ ਨਾਲ ਉਸ ਦੇ ਸਿਰ ’ਚ ਗੰਭੀਰ ਸੱਟ ਲੱਗੀ, ਜਿਸ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਫੇਰ ਚੰਡੀਗੜ੍ਹ ਦੇ ਸੈਕਟਰ 32 ਤੇ ਪੀਜੀਆਈ ਵਿੱਚ ਲਿਜਾਇਆ ਗਿਆ ਪਰ ਉਹ ਦਮ ਤੋੜ ਗਈ।’ ਵਿਜੈ ਕਲਿਆਣ ਨੇ ਕਿਹਾ, ‘ਅਸੀਂ ਇੱਥੇ ਫੁਹਾਰਾ ਚੌਕ ’ਤੇ ਸਾਡੀ ਮਾਤਾ ਦੀ ਲਾਸ਼ ਰੱਖ ਕੇ ਧਰਨੇ ’ਤੇ ਬੈਠੇ ਹਾਂ। ‘ਸਾਡੀ ਮੰਗ ਹੈ ਕਿ ਜੋ ਵੀ ਪੁਲੀਸ ਮੁਲਾਜ਼ਮ ਤੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹਨ ਉਨ੍ਹਾਂ ਦੇ ਕਤਲ ਦਾ ਕੇਸ ਦਰਜ ਹੋਵੇ ਤੇ ਉਨ੍ਹਾਂ ਨੂੰ ਨੌਕਰੀਓਂ ਬਰਖ਼ਾਸਤ ਕੀਤਾ ਜਾਵੇ।’ ਮੌਕੇ ’ਤੇ ਪੁੱਜੀ ਪੁਲੀਸ ਨੇ ਕਿਹਾ ਕਿ ਪਰਿਵਾਰ ਦੇ ਦਰਖਾਸਤ ਦੇਣ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਉਨ੍ਹਾਂ ਧਰਨਾ ਚੁੱਕ ਦਿੱਤਾ।
