ਪਟਿਆਲਾ ਪੁਲਿਸ ਨਸ਼ਾ ਤਸਕਰਾਂ ‘ਤੇ ਕਸ ਰਹੀ ਹੈ ਲਗਾਮ-ਐਸ ਐਸ ਪੀ ਵਰੁਣ ਸ਼ਰਮਾ

ਪਟਿਆਲਾ ਪੁਲਿਸ ਨਸ਼ਾ ਤਸਕਰਾਂ ‘ਤੇ ਕਸ ਰਹੀ ਹੈ ਲਗਾਮ-ਐਸ ਐਸ ਪੀ ਵਰੁਣ ਸ਼ਰਮਾ
ਪਟਿਆਲਾ, 2 ਜੁਲਾਈ : ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਇੰਸਪੈਕਟਰ ਜਰਨਲ ਆਫ ਪੁਲਿਸ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਪਟਿਆਲਾ ਪੁਲਿਸ ਨੇ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਿਵੇਕਲਾ ਉਪਰਾਲਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਇੱਥੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਕਰਵਾਇਆ। ਯੂਨਾਇਟੇਡ ਨੇਸ਼ਨ ਦੀ ਥੀਮ ‘ਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਵਲੰਟੀਅਰਜ਼ ਸਹਿਯੋਗ ਨਾਲ, ਕਮਿਊਨਿਟੀ ਪੁਲਿਸਿੰਗ ਦੇ ਹਿੱਸੇ ਵਜੋਂ ਕਰਵਾਏ ਇਸ ਸੈਮੀਨਾਰ ਮੌਕੇ ਐਸ ਪੀ ਵਰੁਣ ਸ਼ਰਮਾ ਨੇ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਸਮਾਜ ਨੂੰ ਪੁਲਿਸ ਦਾ ਸਹਿਯੋਗ ਕਰਨ ਦਾ ਸੱਦਾ ਦਿੱਤਾ।ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਹੁਣ ਲੋਕ ਰਲਕੇ ਹੰਭਲਾ ਮਾਰਦੇ ਹੋਏ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਅੱਗੇ ਆਉਣ। ਨਸ਼ਿਆਂ ਦੀ ਲਤ ਨੂੰ ਗੰਭੀਰ ਬਿਮਾਰੀ ਦੱਸਦਿਆਂ ਐਸ ਐਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਦੇ ਇਲਾਜ ਲਈ ਪੂਰਾ ਸਹਿਯੋਗ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਿਸੇ ਕਾਰਨ ਨਸ਼ਿਆਂ ਦੀ ਲਤ ਦੇ ਸ਼ਿਕਾਰ ਵਿਅਕਤੀਆਂ ਨੂੰ ਬੀਮਾਰ ਮੰਨ ਕੇ ਇਲਾਜ ਕਰਵਾਉਣ ਦੀ ਨੀਤੀ ਬਣਾਈ ਹੈ। ਉਹਨਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਲਗਾਮ ਕੱਸਦੇ ਹੋਏ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵਧੇਰੇ ਜਾਇਦਾਦ ਕੁਰਕ ਕਰਵਾਕੇ ਸੂਬੇ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਵਰੁਣ ਸ਼ਰਮਾ ਨੇ ਕਿਹਾ ਕਿ 15 ਤੋਂ 35 ਸਾਲ ਦੀ ਉਮਰ ਤੱਕ ਨਸ਼ਿਆਂ ਦੀ ਲਤ ਲੱਗਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ, ਇਸ ਲਈ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਦੋਸਤੀ ਦੇ ਵਾਸਤੇ ਪਾ ਕੇ ਨਸ਼ੇ ਦੀ ਲਤ ਲਗਾਉਣ ਵਾਲੇ ਤੋਂ ਦੂਰ ਰਹਿਕੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਂਦਾ ਹੈ ਇਸ ਲਈ ਬਗੈਰ ਕਿਸੇ ਡਰ ਭੈ ਤੋਂ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਹੀ ਅਸੀਂ ਨਸ਼ਿਆਂ ਨੂੰ ਪੰਜਾਬ ਵਿਚੋਂ ਜੜ੍ਹੋਂ ਖ਼ਤਮ ਕਰ ਸਕਾਂਗੇ। ਇਸ ਮੌਕੇ ਐਸ ਪੀ ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਰੁਚੀ ਲੈਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪਟਿਆਲਾ ਪੁਲਿਸ ਦਿਨ ਰਾਤ ਪਬਲਿਕ ਦੀ ਸੇਵਾ ਲਈ ਤਿਆਰ ਹੈ। ਇਸ ਮੌਕੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ, ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਵਲੋਂ ਨਸ਼ਿਆਂ ਵਿਰੁੱਧ ਚੱਲਣ ਲਈ ਸਹੁੰ ਚੁਕਾਈ ਗਈ। ਇਸ ਮੌਕੇ ਡੀ ਐਸ ਪੀ ਸਿਟੀ 1 ਮਨਦੀਪ ਕੌਰ, ਪਰਮਿੰਦਰ ਕੌਰ ਮਨਚੰਦਾ ਪ੍ਰੋਜੈਕਟ ਡਾਇਰੈਕਟਰ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਐਸ ਐਚ ਓ ਕੋਤਵਾਲੀ, ਇੰਸਪੈਕਟਰ ਪ੍ਰਦੀਪ ਬਾਜਵਾ ਐਸ ਐਚ ਓ ਥਾਣਾ ਤ੍ਰਿਪੜੀ, ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਐਸ ਐਚ ਓ ਥਾਣਾ ਆਨਾਜ ਮੰਡੀ, ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਐਸ ਐਚ ਓ ਸਿਵਲ ਲਾਈਨ, ਐਸ ਆਈ ਅੰਗਰੇਜ਼ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ, ਇੰਸਪੈਕਟਰ ਸ਼ਿਵਰਾਜ ਸਿੰਘ ਢਿੱਲੋਂ ਐਸ ਐਚ ਓ ਥਾਣਾ ਲਾਹੌਰੀ ਗੇਟ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋ,ਹਰਮਿਲਨ ਇੰਟਰਨੈਸ਼ਨਲ ਫੁੱਟਬਾਲਰ, ਗੁਰਨਾਜ ਸਾਊਥ ਏਸ਼ੀਅਨ ਗੇਮ ਗੋਲਡ ਮੈਡਲ ਜੇਤੂ, ਮਿਸਰਾ ਸਿੰਘ 42 ਕਿਲੋਮੀਟਰ ਏਸ਼ੀਅਨ ਰਿਕਾਰਡ ਧਾਰੀ, ਇੰਸਪੈਕਟਰ ਝਿਰਮਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਉਪਕਾਰ ਸਿੰਘ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਸਤਗੁਰ ਦਫਤਰੀਵਾਲਾ, ਬੂਟਾ ਪਾਤੜਾਂ, ਰਾਮੇਸ਼ ਧੀਮਾਨ, ਚਰਨ ਪਾਲ ਵੀ ਹਾਜ਼ਰ ਸਨ। ਇਸ ਮੌਕੇ ਡਰੱਗ ਫਰੀ ਵਰਲਡ ਵਲੋਂ ਨਸ਼ਿਆਂ ਵਿਰੁੱਧ ਪਬਲਿਕ ਨੂੰ ਜਾਗਰੂਕ ਕਰਨ ਲਈ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ। ਇਸ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਮੌਕੇ ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਅਤੇ ਲੋਕਾਂ ਨੇ ਸ਼ਿਰਕਤ ਕੀਤੀ। ਸਟੇਟ ਸਕੱਤਰ ਦੀ ਭੂਮਿਕਾ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਨਿਭਾਈ। ਇਸ ਮੌਕੇ ਵੱਖ ਵੱਖ ਸਕੂਲਾਂ ਨੂੰ ਖੇਡਾਂ ਕਿੱਟਾਂ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਲਈ ਪੋਸਟਰ ਜਾਰੀ ਕੀਤੇ ਗਏ।
